ਚੰਡੀਗੜ੍ਹ, 18 ਨਵੰਬਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫਲਾ ਪਾਕਿਸਤਾਨ ਤੋਂ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਆ ਗਿਆ ਹੈ । ਚੰਨੀ ਨੇ ਵਾਪਿਸ ਆਉਣ ਤੋਂ ਬਾਅਦ ਐਲਾਨ ਕੀਤਾ ਕਿ ਪੰਜਾਬ ਸਰਕਾਰ ਦਰਸ਼ਨਾਂ ਦੀ ਇਜ਼ਾਜ਼ਤ ਲੈਣ ਆਈ ਸੰਗਤ ਨੂੰ ਲਾਂਘੇ ਤੱਕ ਲਿਜਾਣ ਲਈ ਮੁਫ਼ਤ ਬੱਸਾਂ ਚਲਾਏਗੀ। ਇਹ ਸੇਵਾ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਅਰਦਾਸ ਕਰਕੇ ਆਏ ਹਨ ਕਿ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਖੁੱਲ੍ਹ ਜਾਣ ਅਤੇ ਵਪਾਰ ਸ਼ੁਰੂ ਹੋਵੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਾਂਘੇ ਦੇ ਦੌਰੇ ਦੀ ਪ੍ਰਕਿਰਿਆ ਨੂੰ ਹੋਰ ਸਰਲ ਬਣਾਉਣ ਦੀ ਅਪੀਲ ਕੀਤੀ ਹੈ। ਚੰਨੀ ਨੇ ਕਿਹਾ ਕਿ ਪ੍ਰਕਿਰਿਆ ਅਜਿਹੀ ਹੋਣੀ ਚਾਹੀਦੀ ਹੈ ਕਿ ਜੋ ਚਾਹੇ ਉਹ ਦਰਸ਼ਨ ਕਰਕੇ ਹੀ ਪਰਤ ਆਵੇ ।

ਵਿੱਤ ਮੰਤਰੀ ਮਨਪ੍ਰੀਤ ਬਾਦਲ, ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ, ਵਿਜੇਇੰਦਰ ਸਿੰਗਲਾ, ਕੈਬਨਿਟ ਰੈਂਕ ਧਾਰਕ ਮਹਿੰਦਰ ਸਿੰਘ ਕੇਪੀ, ਵਿਧਾਇਕ ਬਰਿੰਦਰਮੀਤ ਸਿੰਘ ਪੱਡਾ ਅਤੇ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਉਨ੍ਹਾਂ ਨਾਲ ਗਏ ਹੋਏ ਸਨ।

ਇਸ ਦੌਰਾਨ ਚੰਨੀ ਪਰਿਵਾਰ ਸਮੇਤ ਲਾਂਘੇ ‘ਤੇ ਪਹੁੰਚ ਗਏ। ਉਨ੍ਹਾਂ ਇਸ ਮੌਕੇ ਸਾਰਿਆਂ ਨੂੰ ਗੁਰੂ ਪੁਰਬ ਦੀ ਵਧਾਈ ਦਿੱਤੀ। ਚੰਨੀ ਨੇ ਇਸ ਮੌਕੇ ਲਾਂਘਾ ਖੋਲ੍ਹਣ ਦੇ ਫੈਸਲੇ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲਾਂਘਾ ਦੁਬਾਰਾ ਖੁੱਲ੍ਹ ਗਿਆ ਹੈ, ਹੁਣ ਸਾਰੇ ਗੁਰੂ ਨਾਨਕ ਨਾਮਲੇਵਾ ਅਤੇ ਭਾਰਤ ਤੋਂ ਜਾਣ ਵਾਲੇ ਹੋਰ ਲੋਕਾਂ ਲਈ ਗੁਰੂਘਰ ਦੇ ਦਰਸ਼ਨ ਕਰਨ ਅਤੇ ਆਸ਼ੀਰਵਾਦ ਲੈਣ ਦਾ ਮੌਕਾ ਹੈ।

Spread the love