ਚੰਡੀਗੜ੍ਹ, 18 ਨਵੰਬਰ
ਅਦਾਕਾਰ ਸੋਨੂੰ ਸੂਦ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁੜ ਮੁਲਾਕਾਤ ਕਰ ਸਕਦੇ ਹਨ।
ਉਹ ਪਿਛਲੇ ਪੰਜ ਦਿਨਾਂ ਤੋਂ ਮੋਗਾ ਵਿੱਚ ਹਨ ਅਤੇ ਆਪਣੀ ਭੈਣ ਲਈ ਸਿਆਸੀ ਮੈਦਾਨ ਤਿਆਰ ਕਰ ਰਹੇ ਹਨ। ਸੀਐਮ ਅਰਵਿੰਦ ਕੇਜਰੀਵਾਲ 20 ਨਵੰਬਰ ਨੂੰ ਮੋਗਾ ਆ ਰਹੇ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਦੋਵਾਂ ਦੀ ਮੁਲਾਕਾਤ ਹੋ ਸਕਦੀ ਹੈ ਅਤੇ ਉਹ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਕੋਈ ਫੈਸਲਾ ਲੈ ਸਕਦੇ ਹਨ।ਕਿਉਂਕਿ ਹੁਣ ਤੱਕ ਸੋਨੂੰ ਸੂਦ ਨੇ ਆਪਣੇ ਸਿਆਸੀ ਪੱਤੇ ਨਹੀਂ ਖੋਲ੍ਹੇ ਹਨ।
ਆਮ ਆਦਮੀ ਪਾਰਟੀ ਮੋਗਾ ਦੇ ਆਗੂ ਨਵਦੀਪ ਸਿੰਘ ਸੰਘਾ ਅਨੁਸਾਰ ਅਰਵਿੰਦ ਕੇਜਰੀਵਾਲ ਇੱਥੇ ਔਰਤਾਂ ਲਈ ਆਪਣੀ ਤੀਜੀ ਗਾਰੰਟੀ ਦਾ ਐਲਾਨ ਕਰਨ ਆ ਰਹੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਔਰਤਾਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕਿਸੇ ਹੋਰ ਪ੍ਰੋਗਰਾਮ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸੀਐਮ ਅਰਵਿੰਦ ਕੇਜਰੀਵਾਲ ਦੋ ਵਾਰ ਗਾਰੰਟੀ ਦੇ ਚੁੱਕੇ ਹਨ। ਪਹਿਲੀ ਗਾਰੰਟੀ ਬਠਿੰਡਾ ਅਤੇ ਦੂਜੀ ਗਾਰੰਟੀ ਲੁਧਿਆਣਾ ਵਿੱਚ ਦਿੱਤੀ ਗਈ ਹੈ। ਇਹ ਦੋਵੇਂ ਪ੍ਰੋਗਰਾਮ ਮਾਲਵੇ ਵਿੱਚ ਰੱਖੇ ਗਏ ਸਨ ਅਤੇ ਹੁਣ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਤੀਜਾ ਪ੍ਰੋਗਰਾਮ ਮਾਝੇ ਜਾਂ ਦੁਆਬੇ ਵਿੱਚ ਹੋ ਸਕਦਾ ਹੈ। ਪਰ ਉਹ ਮੁੜ ਮੋਗਾ ਆ ਰਹੇ ਹਨ ਅਤੇ ਇਸ ਦੇ ਸਮੇਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਕਿਉਂਕਿ ਅਰਵਿੰਦ ਕੇਜਰੀਵਾਲ ਚਾਹੁੰਦੇ ਹਨ ਕਿ ਸੋਨੂੰ ਸੂਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਅਤੇ ਇਸ ਦਾ ਫਾਇਦਾ ਮੋਗਾ ਸੀਟ ਨੂੰ ਹੀ ਨਹੀਂ, ਸਗੋਂ ਪੂਰੇ ਪੰਜਾਬ ਨੂੰ ਮਿਲ ਸਕਦਾ ਹੈ। ਇਹੀ ਕਾਰਨ ਹੋ ਸਕਦਾ ਹੈ ਕਿ ਮੋਗਾ ਵਿਖੇ ਉਨ੍ਹਾਂ ਦੀ ਤਰਫੋਂ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ।
ਸੋਨੂੰ ਸੂਦ ਨੇ ਕੁੱਝ ਸਮਾਂ ਪਹਿਲਾਂ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ, ਇਸ ਤੋਂ ਪਹਿਲਾਂ ‘ ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲ ਚੁੱਕੇ ਹਨ। ਇਸ ਕਾਰਨ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋ ਸਕਦਾ ਹੈ। ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਜਦੋਂ ਕਿ ਸੋਨੂੰ ਸੂਦ ਨੇ ਸਰਗਰਮ ਰਾਜਨੀਤੀ ਵਿੱਚ ਆਉਣ ਤੋਂ ਹਮੇਸ਼ਾ ਪਰਹੇਜ਼ ਕੀਤਾ ਹੈ।