ਅੰਮ੍ਰਿਤਸਰ, 19 ਨਵੰਬਰ
ਕੇਂਦਰ ਸਰਕਾਰ ਵਲੋਂ ਕਰੀਬ ਪਿਛਲੇ ਇਕ ਸਾਲ ਤੋਂ ਤਿੰਨੇ ਖੇਤੀ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਧਰਨੇ ਤੇ ਬੈਠੇ ਕਿਸਾਨਾਂ ਦੀ ਜਿੱਤ ਹੋਈ ਹੈ ਅਤੇ ਕੇਂਦਰ ਸਰਕਾਰ ਨੂੰ ਆਖਿਰ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਕਰਨੇ ਪਏ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਕਰਦਿਆਂ ਕਿਹਾ ਕਿ ਅੱਜ ਦਾ ਇਹ ਦਿਨ ਬਹੁਤ ਹੀ ਇਤਿਹਾਸਕ ਦਿਨ ਹੈ ਅਤੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਨਾਂ ਕਾਨੂੰਨਾਂ ਨੂੰ ਰੱਦ ਕਰਨਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ।

ਸ੍ਰੀ ਸੋਨੀ ਨੇ ਕਿਹਾ ਕਿ ਇਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਬੇ ਸਮੇਂ ਤੋਂ ਸਾਡੇ ਕਿਸਾਨ ਦਿੱਲੀ ਬਾਰਡਰ ਤੇ ਧਰਨਿਆਂ ਤੇ ਬੈਠੇ ਹੋਏ ਸੀ ਅਤੇ ਕਰੀਬ 700 ਕਿਸਾਨਾਂ ਨੇ ਇਸ ਅੰਦੋਲਨ ਦੌਰਾਨ ਆਪਣੀ ਸ਼ਹੀਦੀ ਵੀ ਦਿੱਤੀ ਹੈ। ਉਨਾਂ ਕਿਹਾ ਕਿ ਕੇਂਦਰ ਨੂੰ ਇਹ ਪਹਿਲਾਂ ਹੀ ਕਾਲੇ ਕਾਨੂੰਨ ਵਾਪਿਸ ਲੈ ਲਏ ਜਾਣੇ ਚਾਹੀਦੇ ਸਨ। ਸ੍ਰੀ ਸੋਨੀ ਨੇ ਕਿਹਾ ਕਿ ਭਾਵੇਂ ਇਹ ਅੰਦੋਲਨ ਲੰਬਾ ਚਲਿਆ ਹੈ , ਪਰੰਤੂ ਆਖਿਰ ਕਿਸਾਨਾਂ ਦੀ ਹੀ ਜਿੱਤ ਹੋਈ ਹੈ।

ਉਨਾਂ ਕਿਹਾ ਕਿ ਦੇਸ਼ ਦੀ ਆਜਾਦੀ ਲਈ ਵੀ ਸਭ ਤੋਂ ਪਹਿਲਾਂ ਅੰਦੋਲਨ ਪੰਜਾਬ ਤੋਂ ਹੀ ਸ਼ੁਰੂ ਹੋਏ ਸਨ। ਸ੍ਰੀ ਸੋਨੀ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਤਾਂ ਪਹਿਲਾਂ ਹੀ ਇਹ ਤਿੰਨੇ ਕਾਨੂੰਨ ਮੁੱਢੋਂ ਹੀ ਰੱਦ ਕਰ ਦਿੱਤੇ ਸਨ। ਇਕ ਸਵਾਲ ਦੇ ਜਵਾਬ ਵਿੱਚ ਸ੍ਰੀ ਸੋਨੀ ਨੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਕਾਂਗਰਸ ਫਿਰ ਸੱਤਾ ਵਿੱਚ ਆਵੇਗੀ।

ਸ੍ਰੀ ਸੋਨੀ ਵਲੋਂ ਵਾਰਡ ਨੰਬਰ 70 ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ਮਸ਼ਾਨਘਾਟ ਦੇ ਕੰਮ ਦੀ ਕੀਤੀ ਸ਼ੁਰੂਆਤ ਕਰਵਾਈ ਅਤੇ ਵਾਰਡ ਨੰਬਰ 70 ਵਿਖੇ ਹੀ ਗੁਰੂਦੁਆਰਾ ਗੁਰੂ ਨਾਨਕ ਪਰਿਵਾਰ ਨੂੰ ਹਾਲ ਦੀ ਉਸਾਰੀ ਲਈ 2.50 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ।

ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ 95 ਫੀਸਦੀ ਤੋਂ ਜਿਆਦਾ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਰਹਿੰਦੇ ਵਿਕਾਸ ਕਾਰਜ ਵੀ ਜਲਦ ਹੀ ਮੁਕੰਮਲ ਕਰ ਦਿੱਤੇ ਜਾਣਗੇ। ਇਸ ਮੌਕੇ ਸ੍ਰੀ ਸੋਨੀ ਨੂੰ ਗੁਰੂਦੁਆਰਾ ਕਮੇਟੀ ਵਲੋਂ ਸਰੋਪਾ ਪਾ ਕੇ ਸਨਮਾਨਤ ਵੀ ਕੀਤਾ ਗਿਆ।

ਇਸ ਮੌਕੇ ਕੌਂਸਲਰ ਸ੍ਰੀ ਵਿਕਾਸ ਸੋਨੀ, ਸ੍ਰੀ ਪਰਮਜੀਤ ਸਿੰਘ ਚੋਪੜਾ, ਸ: ਲਖਵਿੰਦਰ ਸਿੰਘ, ਸ੍ਰੀ ਰਮਨ ਵਿਰਕ, ਸ: ਜਸਬੀਰ ਸਿੰਘ ਸਾਬੀ, ਸ: ਬਲਵਿੰਦਰ ਸਿੰਘ ਚੌਧਰ, ਸ੍ਰੀ ਕਮਲ ਪਹਿਲਵਾਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Spread the love