ਮੋਗਾ, 22 ਨਵੰਬਰ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ।

ਕੇਜਰੀਵਾਲ ਨੇ ਕਿਹਾ ਕਿ ਜੇਕਰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੀ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਦੇ ਖਾਤੇ ਵਿੱਚ ਹਰ ਮਹੀਨੇ 1000 ਰੁਪਏ ਜਮ੍ਹਾਂ ਕਰਵਾਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਕਿਸਾਨ ਅੰਦੋਲਨ ਦੀ ਸਫ਼ਲਤਾ ਲਈ ਵਧਾਈ ਦਿੱਤੀ।

ਕੇਜਰੀਵਾਲ ਨੇ ਕਿਹਾ ਕਿ ਇਕ ਪਰਿਵਾਰ ‘ਚ ਇਕ ਬੇਟੀ, ਇਕ ਨੂੰਹ ਅਤੇ ਇਕ ਸੱਸ ਹੈ ਤਾਂ ਤਿੰਨਾਂ ਦੇ ਖਾਤੇ ‘ਚ 1000 ਰੁਪਏ ਆਉਣਗੇ। ਮਾਵਾਂ ਨੂੰ ਜੋ ਬੁਢਾਪਾ ਪੈਨਸ਼ਨ ਮਿਲ ਰਹੀ ਹੈ, ਉਹ ਵੀ ਜਾਰੀ ਰਹੇਗੀ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਹ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਸ਼ਵ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਹੈ।

ਕੇਜਰੀਵਾਲ ਨੇ ਕਿਹਾ ਕਿ ਜੇਕਰ ਕੋਈ ਔਰਤ ਬੁਢਾਪਾ ਪੈਨਸ਼ਨ ਦਾ ਲਾਭ ਲੈ ਰਹੀ ਹੈ ਤਾਂ ਵੀ ਉਸ ਨੂੰ 1000 ਰੁਪਏ ਪ੍ਰਤੀ ਮਹੀਨਾ ਮਿਲੇਗਾ। ਕੇਜਰੀਵਾਲ ਨੇ ਕਿਹਾ ਕਿ ਇਹ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਸ਼ਕਤੀਕਰਨ ਮੁਹਿੰਮ ਬਣ ਜਾਵੇਗੀ। ਦੁਨੀਆ ਦੀ ਕਿਸੇ ਵੀ ਸਰਕਾਰ ਨੇ ਔਰਤਾਂ ਦੇ ਖਾਤੇ ਵਿੱਚ ਇੱਕ ਹਜ਼ਾਰ ਰੁਪਏ ਜਮ੍ਹਾ ਨਹੀਂ ਕਰਵਾਏ।

ਕੇਜਰੀਵਾਲ ਨੇ ਕਿਹਾ 2022 ਦੀਆਂ ਚੋਣਾਂ ਪੰਜਾਬ ਦਾ ਭਵਿੱਖ ਬਦਲ ਸਕਦੀਆਂ ਹਨ। ਇਹ ਚੋਣਾਂ ਸਭ ਨੇ ਮਿਲ ਜੁਲ ਕੇ ਲੜਨੀਆਂ ਹਨ ਉਨ੍ਹਾਂ ਕਿਹਾ ਕਿ ਮੈਂ ਕਈ ਦਿਨਾਂ ਤੋਂ ਦੇਖ ਰਿਹਾਂ ਕਿ ਇੱਕ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਜਿਹੜਾ ਵੀ ਵਾਅਦਾ ਕਰ ਕੇ ਜਾਂਦੇ ਹਨ, ਨਕਲੀ ਕੇਜਰੀਵਾਲ ਅਗਲੇ ਦਿਨ ਉਸੇ ਦਾ ਐਲਾਨ ਕਰ ਦਿੰਦਾ ਹੈ।

ਕੇਜਰੀਵਾਲ ਨੇ ਕਿਹਾ ਕਿ ਇੱਕ ਹਜ਼ਾਰ ਰੁਪਏ ਭਾਵੇਂ ਕੋਈ ਬਹੁਤ ਜ਼ਿਆਦਾ ਨਹੀਂ ਪਰ ਇਸ ਨਾਲ ਔਰਤਾਂ ਨੂੰ ਹੌਸਲਾ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਬਹੁਤ ਪੈਸਾ ਹੁੰਦਾ ਹੈ ਪਰ ਮਾਫੀਆ ਖਤਮ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਚੰਨੀ ਦੇ ਸੱਜੇ ਖੱਬੇ ਮਾਫ਼ੀਆ ਚਲਾਉਣ ਵਾਲੇ ਲੋਕ ਬੈਠੇ ਹੁੰਦੇ ਹਨ। ਕੇਜਰੀਵਾਲ ਨੇ ਔਰਤਾਂ ਨੂੰ ਆਪਣੇ ਪਰਿਵਾਰਕ ਮੈਂਬਰ ਤੇ ਹੋਰਨਾਂ ਨੂੰ ਆਪ ਲਈ ਵੋਟਾਂ ਮੰਗਣ ਲਈ ਪ੍ਰੇਰਿਤ ਕੀਤਾ।

Spread the love