ਪਠਾਨਕੋਟ, 22 ਨਵੰਬਰ

ਪਠਾਨਕੋਟ ਜ਼ਿਲੇ ‘ਚ ਫੌਜ ਦੇ ਕੈਂਪ ‘ਤੇ ਗ੍ਰਨੇਡ ਨਾਲ ਹਮਲਾ ਹੋਇਆ ਹੈ।

ਕੈਂਪ ਦੇ ਤ੍ਰਿਵੇਣੀ ਗੇਟ ‘ਤੇ ਗ੍ਰੇਨੇਡ ਸੁੱਟਿਆ ਗਿਆ। ਹਾਲਾਂਕਿ ਹਮਲੇ ‘ਚ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਪਰ ਪਠਾਨਕੋਟ ‘ਚ ਹਾਈ ਅਲਰਟ ਹੈ। ਹਰ ਥਾਂ ਤਲਾਸ਼ੀ ਲਈ ਜਾ ਰਹੀ ਹੈ।

ਇਸ ਦੌਰਾਨ ਪੁਲਿਸ ਵੱਲੋਂ ਇੱਕ ਲਾਵਾਰਿਸ ਆਈ20 ਕਾਰ ਵੀ ਬਰਾਮਦ ਕੀਤੀ ਗਈ ਹੈ। ਜਿਸ ਦੇ ਅੱਗੇ ਅਤੇ ਪਿੱਛੇ ਨੰਬਰ ਪਲੇਟਾਂ ਬੜੀ ਚਲਾਕੀ ਨਾਲ ਬਦਲ ਦਿੱਤੀਆਂ ਗਈਆਂ ਹਨ।

PB 10 GJ 6781 ਕਾਰ ਦੇ ਅਗਲੇ ਪਾਸੇ ਅਤੇ PB 10 GL 6781 ਪਿਛਲੇ ਪਾਸੇ ਲਗਾਇਆ ਗਿਆ ਹੈ। ਇਸ ਵਿੱਚ ਮੱਧ ਵਿੱਚ G ਤੋਂ ਬਾਅਦ ਸਿਰਫ਼ J ਅਤੇ L ਵਿੱਚ ਅੰਤਰ ਰੱਖਿਆ ਗਿਆ ਹੈ। ਪੁਲਿਸ ਇਸ ਨੂੰ ਧਮਾਕੇ ‘ਚ ਭੂਮਿਕਾ ਦੇ ਕੋਣ ਨਾਲ ਜੋੜ ਕੇ ਵੀ ਜਾਂਚ ਕਰ ਰਹੀ ਹੈ।

ਇਸ ਦੇ ਨਾਲ ਹੀ ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ, ਜਲੰਧਰ, ਬਠਿੰਡਾ, ਗੁਰਦਾਸਪੁਰ ਅਤੇ ਹੋਰ ਸਾਰੇ ਸ਼ਹਿਰਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਨਾਕਿਆਂ ’ਤੇ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਫੌਜੀ ਕੈਂਪ ਦੇ ਗੇਟ ਤੋਂ ਇਕ ਬਾਰਾਤ ਨਿਕਲ ਰਹੀ ਸੀ, ਉਸੇ ਸਮੇਂ ਮੋਟਰਸਾਈਕਲ ‘ਤੇ ਸਵਾਰ ਇਕ ਨੌਜਵਾਨ ਉੱਥੋਂ ਲੰਘਿਆ। ਇਸ ਬਾਈਕ ਸਵਾਰ ‘ਤੇ ਗ੍ਰਨੇਡ ਸੁੱਟਣ ਦਾ ਸ਼ੱਕ ਹੈ।

ਪਠਾਨਕੋਟ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਜਾ ਰਿਹਾ ਹੈ। ਪਠਾਨਕੋਟ ਦੀਆਂ ਸਾਰੀਆਂ ਚੌਕੀਆਂ ‘ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਧਮਾਕੇ ਤੋਂ ਬਾਅਦ ਗ੍ਰਨੇਡ ਦਾ ਕੁਝ ਹਿੱਸਾ ਬਰਾਮਦ ਕਰ ਲਿਆ ਗਿਆ ਹੈ।

Spread the love