ਨਵੀਂ ਦਿੱਲੀ, 22 ਨਵੰਬਰ

ਆਪਣੀ ਕਪਤਾਨੀ ‘ਚ ਟੀਮ ਇੰਡੀਆ ਨੂੰ ਅੰਡਰ-19 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਵਾਲੇ ਉਨਮੁਕਤ ਚੰਦ ਨੇ ਵਿਆਹ ਕਰਵਾ ਲਿਆ ਹੈ। ਬੀਤੇ ਕੱਲ੍ਹ ਯਾਨੀ ਕਿ 21 ਨਵੰਬਰ ਨੂੰ ਉਨ੍ਹਾਂ ਨੇ ਸੱਤ ਫੇਰੇ ਲਏ। ਉਨਮੁਕਤ ਚੰਦ ਦੀ ਹਮਸਫ਼ਰ ਦਾ ਨਾਮ ਸਿਮਰਨ ਖੋਸਲਾ ਹੈ, ਜੋ ਕਿ ਫਿਟਨੈਸ ਅਤੇ ਨਿਊਟ੍ਰੀਸ਼ਨ ਕੋਚ ਹੈ। ਉਨਮੁਕਤ ਨੇ ਚੋਰੀ-ਛਿਪੇ ਵਿਆਹ ਕੀਤਾ, ਜਿਸ ਵਿਚ ਸਿਰਫ਼ ਉਸ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਲ ਹੋਏ।

ਵਿਆਹ ਵਿੱਚ ਲਾੜਾ ਬਣੇ ਉਨਮੁਕਤ ਨੇ ਗੁਲਾਬੀ ਰੰਗ ਦੀ ਸ਼ੇਰਵਾਨੀ ਪਾਈ ਸੀ ਜਦੋਂ ਕਿ ਲਾੜੀ ਨੇ ਰਵਾਇਤੀ ਕੁਮਾਓਨੀ ਪਿਚੋਰਾ ਪਾਇਆ ਹੋਇਆ ਸੀ। ਸਿਮਰਨ ਨੇ ਆਪਣਾ ਮੇਕਅੱਪ ਵੀ ਬਹੁਤ ਸਾਦਾ ਕੀਤਾ ਹੋਇਆ ਸੀ । ਸਿਮਰਨ ਖੋਸਲਾ ਉਮਰ ਵਿੱਚ ਉਨਮੁਕਤ ਚੰਦ ਤੋਂ 5 ਮਹੀਨੇ 14 ਦਿਨ ਛੋਟੀ ਹੈ। ਉਨ੍ਹਾਂ ਦਾ ਜਨਮ 9 ਸਤੰਬਰ 1993 ਨੂੰ ਹੋਇਆ ਸੀ।

ਉਨਮੁਕਤ ਨੇ ਕੁਝ ਸਮਾਂ ਪਹਿਲਾਂ ਹੀ ਭਾਰਤੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਉਹ ਇਸ ਸਮੇਂ ਟੀਮ ਸਿਲੀਕਾਨ ਵੈਲੀ ਸਟ੍ਰਾਈਕਰਜ਼ ਨਾਲ ਅਮਰੀਕੀ ਕ੍ਰਿਕਟ ਲੀਗ ਵਿੱਚ ਖੇਡ ਰਹੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ ‘ਚ ਖੇਡਣ ਦਾ ਫੈਸਲਾ ਕੀਤਾ ਸੀ। ਉਨ੍ਹਾਂ ਨੂੰ ਇਸ ਲੀਗ ਦੇ ਮੈਲਬੋਰਨ ਰੇਨੇਗੇਡਸ ਨੇ ਸਾਈਨ ਕੀਤਾ ਹੈ। ਹੁਣ ਉਹ ਬਿਗ ਬੈਸ਼ ਲੀਗ ਖੇਡਣ ਵਾਲਾ ਪਹਿਲਾ ਭਾਰਤੀ ਕ੍ਰਿਕਟਰ ਹੋਵੇਗਾ।

ਉਨਮੁਕਤ ਚੰਦ ਨੇ ਆਪਣੀ ਕਪਤਾਨੀ ਵਿੱਚ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਵੀ ਜਿਤਾਇਆ ਹੈ। ਉਨ੍ਹਾਂ ਨੂੰ ਦਿੱਲੀ ਦੀ ਟੀਮ ਨਾਲ ਆਈਪੀਐਲ ਵਿੱਚ ਖੇਡਣ ਦਾ ਮੌਕਾ ਵੀ ਮਿਲਿਆ, ਪਰ ਇਸ ਦੌਰਾਨ ਉਨ੍ਹਾਂ ਦਾ ਬੱਲਾ ਨਹੀਂ ਚੱਲਿਆ ਅਤੇ ਉਹ ਆਈਪੀਐੱਲ ਤੋਂ ਬਾਹਰ ਹੋ ਗਏ । ਹੌਲੀ-ਹੌਲੀ ਉਨ੍ਹਾਂ ਨੂੰ ਦਿੱਲੀ ਦੀ ਰਣਜੀ ਟੀਮ ਤੋਂ ਵੀ ਬਾਹਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਉਤਰਾਖੰਡ ਦੀ ਟੀਮ ਤੋਂ ਰਣਜੀ ਖੇਡਣ ਦਾ ਫੈਸਲਾ ਕੀਤਾ। ਪਰ ਫਿਰ ਅਚਾਨਕ ਭਾਰਤੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ।

Spread the love