ਨਿਊਜ਼ੀਲੈਂਡ ਨੇ ਭਾਰਤ-ਪਾਕਿਸਤਾਨ ਸਮੇਤ 5 ਦੇਸ਼ਾਂ ਨੂੰ ਕੋਵਿਡ-19 ਵਾਲੀ ‘ਹਾਈ ਰਿਕਸ ਸੂਚੀ’ ਚੋਂ ਬਾਹਰ ਕੱਢ ਦਿੱਤੈ।

ਇਸ ਨਾਲ ਹੁਣ ਪੰਜਾਬ ਤੋਂ ਆਉਣ ਵਾਲੇ ਨਿਊਜ਼ੀਲੈਂਡ ਦੇ ਪੱਕੇ ਵਸਨੀਕਾਂ ਦਾ ਰਾਹ ਪੱਧਰਾ ਹੋ ਗਿਆ ।

ਹਾਲਾਂਕਿ ਸਰਕਾਰ ਨੇ ਕੁੱਝ ਲਾਜ਼ਮੀ ਸ਼ਰਤਾਂ ਵੀ ਰੱਖੀਆਂ ਨੇ ਜਿਵੇਂ ਕਿ ਕਰੋਨਾ ਵੈਕਸੀਨ ਦੇ ਦੋਵੇਂ ਟੀਕੇ ਲੱਗੇ ਹੋਣੇ ਜ਼ਰੂਰੀ ਨੇ ।

ਦੱਸ ਦੇਈਏ ਕਿ ਅਗਲੇ ਮਹੀਨੇ ਤੋਂ ਭਾਰਤ ਤੋਂ ਆਉਣ ਵਾਲੇ ਅਜਿਹੇ ਲੋਕਾਂ ਵਾਸਤੇ ਦੁਬਈ ਜਾਂ ਕਿਸੇ ਹੋਰ ਤੀਜੇ ਦੇਸ਼ ’ਚ 14 ਦਿਨ ਗੁਜ਼ਾਰ ਕੇ ਆਉਣ ਦੀ ਜ਼ਰੂਰੀ ਸ਼ਰਤ ਦਾ ਝੰਜਟ ਮੁੱਕ ਜਾਵੇਗਾ।

ਨਿਊਜ਼ੀਲੈਂਡ ਸਰਕਾਰ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਦੇਸ਼ ਦੇ ਬਾਰਡਰ ਨੂੰ ਪੜ੍ਹਾਅਵਾਰ ਖੋਲ੍ਹਿਆ ਜਾਵੇਗਾ, ਜਿਸ ਵਾਸਤੇ ਉਹੀ ਲੋਕ ਯੋਗ ਹੋਣਗੇ, ਜਿਨ੍ਹਾਂ ਨੇ ਵੈਕਸੀਨ ਦੇ ਦੋ-ਦੋ ਟੀਕੇ ਲਵਾਏ ਹੋਣਗੇ,ਜਿਸ ਦੇ ਤਹਿਤ ਪੱਕੇ ਵਸਨੀਕਾਂ ਤੋਂ ਇਲਾਵਾ ਯੋਗ ਵੀਜ਼ੇ ਵਾਲੇ ਲੋਕਾਂ ਨੂੰ ਖੁੱਲ੍ਹ ਮਿਲੇਗੀ।

ਪਹਿਲੇ ਪੜਾਅ ‘ਚ ਅਗਲੇ ਸਾਲ 16 ਜਨਵਰੀ ਤੋਂ ਆਸਟਰੇਲੀਆ ਤੋਂ ਆਉਣ ਵਾਲਿਆਂ ਨੂੰ 14 ਦਿਨ ਦੀ ਐਮਆਈਕਿਊ (ਮੈਨੇਜਡ ਆਈਸੋਲੇਸ਼ਨ ਅਤੇ ਕੰਵਰਨਟੀਨ) ‘ਚ ਨਹੀਂ ਰਹਿਣਾ ਪਵੇਗਾ ਸਗੋਂ ਉਹ ਆਪਣੇ ਘਰ ‘ਚ ਹੀ ਸੱਤ ਦਿਨ ਇਕਾਂਤਵਾਸ ਕੱਟ ਸਕਣਗੇ।

ਇਸੇ ਤਰ੍ਹਾਂ ਦੂਜੇ ਪੜ੍ਹਾਅ ‘ਚ 16 ਫ਼ਰਵਰੀ ਤੋਂ ਆਸਟਰੇਲੀਆ ਤੋਂ ਇਲਾਵਾ ਹੋਰ ਦੇਸ਼ਾਂ (ਹਾਈ ਰਿਸਕ ਵਾਲੇ ਦੇਸ਼ਾਂ ਨੂੰ ਛੱਡ ਕੇ) ਤੋਂ ਵੀ ਆਉਣ ਵਾਲਿਆਂ ਨੂੰ ਵੀ ਐਮਆਈਕਿਊ ਦੀ ਲੋੜ ਨਹੀਂ ਰਹੇਗੀ।

ਅਜਿਹਾ ਹੋਣ ਨਾਲ ਪੰਜਾਬ ‘ਚ ਫਸੇ ਬੈਠੇ ਅਜਿਹੇ ਟੈਂਪਰੇਰੀ ਵੀਜ਼ੇ ਵਾਲਿਆਂ ਨੂੰ ਵੀ ਆਸ ਦੀ ਕਿਰਨ ਦਿਸ ਪਈ ਹੈ, ਜੋ ਪਿਛਲੇ ਸਾਲ ਮਾਰਚ ਤੋਂ ਪਹਿਲਾਂ ਨਿਊਜ਼ੀਲੈਂਡ ਤੋਂ ਪੰਜਾਬ ਆਪਣੇ ਪਰਿਵਾਰਾਂ ਨੂੰ ਮਿਲਣ ਗਏ ਸਨ ਪਰ ਪਿੱਛੋਂ ਬਾਰਡਰ ਬੰਦ ਹੋ ਜਾਣ ਕਰਕੇ ਪੌਣੇ ਦੋ ਸਾਲ ਤੋਂ ਫਸੇ ਬੈਠੇ ਹਨ।

ਹਾਲਾਂਕਿ ਕਈ ਕੋਲ ਅਜੇ ਵੀ ਵੀਜ਼ੇ ਦੀ ਮਿਆਦ ਪਈ ਹੈ ਪਰ ਕਈਆਂ ਦੇ ਵੀਜ਼ੇ ਦੀ ਮਿਆਦ ਲੌਕਡਾਊਨ ਦੌਰਾਨ ਪੁੱਗ ਗਈ ਸੀ।

Spread the love