ਨਵੀਂ ਦਿੱਲੀ , 25 ਨਵੰਬਰ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦਿੱਲੀ ਵਿਧਾਨ ਸਭਾ ਦੀ ਪੀਸ ਐਂਡ ਹਾਰਮਨੀ ਕਮੇਟੀ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਸੰਮਨ ਜਾਰੀ ਕੀਤਾ ਹੈ।

ਇਸ ਦੇ ਨਾਲ ਹੀ ਕਮੇਟੀ ਨੇ ਕੰਗਨਾ ਨੂੰ 6 ਦਸੰਬਰ ਨੂੰ ਦੁਪਹਿਰ 12 ਵਜੇ ਪੇਸ਼ ਹੋਣ ਲਈ ਕਿਹਾ ਹੈ। ਇਹ ਸੰਮਨ ਸਿੱਖ ਸਮਾਜ ਬਾਰੇ ਕੀਤੀ ਗਈ ਕੋਝਾ ਤੇ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਵਿਧਾਨ ਸਭਾ ਪੀਸ ਐਂਡ ਹਾਰਮਨੀ ਕਮੇਟੀ ਦੇ ਚੇਅਰਮੈਨ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਹਨ।

ਦਰਅਸਲ ਬੀਤੇ ਦਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾਕਾਰਾ ਕੰਗਨਾ ਰਣੌਤ ਦੇ ਖ਼ਿਲਾਫ਼ ਇੰਸਟਾਗ੍ਰਾਮ ‘ਤੇ ਸਿੱਖ ਭਾਈਚਾਰੇ ਖ਼ਿਲਾਫ਼ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ‘ਚ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ ਵਿੱਚ ਅਦਾਕਾਰਾ ਕੰਗਨਾ ਰਣੌਤ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਿੱਖ ਕੌਮ ’ਤੇ ਝੂਠੀ ਅਫ਼ਵਾਹ ਫੈਲਾਈ ਗਈ ਹੈ।

ਦੱਸ ਦੇਈਏ ਕਿ ਕਮੇਟੀ ਵੱਲੋਂ ਜਾਰੀ ਬਿਆਨ ਮੁਤਾਬਕ ਰਣੌਤ ਦੇ ਖ਼ਿਲਾਫ਼ ਇਹ ਸ਼ਿਕਾਇਤ ਮੰਦਰ ਮਾਰਗ ਥਾਣੇ ਦੇ ਸਾਈਬਰ ਦਫਤਰ ਵਿੱਚ ਦਰਜ ਕਰਵਾਈ ਗਈ ਹੈ। ਇਸ ਦੇ ਨਾਲ ਹੀ ਕਮੇਟੀ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਆਪਣੀ ਤਾਜ਼ਾ ਪੋਸਟ ‘ਚ ਅਦਾਕਾਰਾ ਕੰਗਨਾ ਰਣੌਤ ਨੇ ‘ਜਾਣ ਬੁੱਝ ਕੇ’ ਕਿਸਾਨਾਂ ਦੇ ਵਿਰੋਧ ਨੂੰ ‘ਖਾਲਿਸਤਾਨੀ ਅੰਦੋਲਨ’ ਕਿਹਾ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਅਭਿਨੇਤਰੀ ਨੇ ਸਿੱਖ ਭਾਈਚਾਰੇ ਦੇ ਖ਼ਿਲਾਫ਼ “ਇਤਰਾਜ਼ਯੋਗ ਅਤੇ ਅਪਮਾਨਜਨਕ” ਭਾਸ਼ਾ ਦੀ ਵਰਤੋਂ ਕੀਤੀ ਹੈ। ਇਸ ਦੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਿਆਨ ਅਨੁਸਾਰ ਇਹ ਪੋਸਟ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਾਣਬੁੱਝ ਕੇ ਤਿਆਰ ਕੀਤੀ ਗਈ ਸੀ ਅਤੇ ਅਪਰਾਧਿਕ ਇਰਾਦੇ ਨਾਲ ਸੋਸ਼ਲ ਮੀਡੀਆ ‘ਤੇ ਫੈਲਾਈ ਗਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨਿਆਂ ‘ਚ ਅਦਾਕਾਰਾ ਕੰਗਨਾ ਰਣੌਤ ਨੇ ਪੱਛਮੀ ਬੰਗਾਲ ‘ਚ ਭਾਜਪਾ ‘ਤੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੀ ਜਿੱਤ ਅਤੇ ਚੋਣਾਂ ਤੋਂ ਬਾਅਦ ਹੋਈ ਹਿੰਸਾ ਨੂੰ ਲੈ ਕੇ ਕਥਿਤ ਤੌਰ ‘ਤੇ ਕਈ ਪੋਸਟਾਂ ਕੀਤੀਆਂ ਸਨ। ਰਾਜ ਵਿੱਚ ਰਾਸ਼ਟਰਪਤੀ ਸ਼ਾਸਨ ਦੀ ਮੰਗ ਕਰਦੇ ਹੋਏ, ਅਦਾਕਾਰਾ ਨੇ ਹਿੰਸਾ ਲਈ ਬੈਨਰਜੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਉਨ੍ਹਾਂ ਨੂੰ ਅਜਿਹੇ ਨਾਵਾਂ ਨਾਲ ਸੰਬੋਧਿਤ ਕੀਤਾ ਜੋ ਪ੍ਰਕਾਸ਼ਿਤ ਨਹੀਂ ਕੀਤੇ ਜਾ ਸਕਦੇ ਹਨ। ਇਸ ਦੌਰਾਨ ਰਣੌਤ ਨੇ ਇੱਕ ਟਵੀਟ ਵਿੱਚ ਲਿਖਿਆ, ‘ਇਹ ਭਿਆਨਕ ਹੈ। ਧੱਕੇਸ਼ਾਹੀ ਨੂੰ ਖਤਮ ਕਰਨ ਲਈ, ਸਾਨੂੰ ਸੁਪਰ ਬੁਲਿੰਗ ਦੀ ਲੋੜ ਹੈ। ਉਹ (ਮਮਤਾ ਬੈਨਰਜੀ) ਇੱਕ ਛੋਟੇ ਰਾਖਸ਼ ਵਾਂਗ ਹੈ, ਉਸ ਨੂੰ ਕਾਬੂ ਕਰਨ ਲਈ, ਮੋਦੀ ਜੀ, ਕਿਰਪਾ ਕਰਕੇ 2000 ਦੇ ਦਹਾਕੇ ਦੀ ਸ਼ੁਰੂਆਤ ਦਿਖਾਓ। ਇਸ ਸਬੰਧ ‘ਚ ਟਵਿੱਟਰ ਨੇ ਅਦਾਕਾਰਾ ਕੰਗਨਾ ਰਣੌਤ ਦਾ ਅਕਾਊਂਟ ‘ਨਫ਼ਰਤ ਅਤੇ ਅਪਮਾਨਜਨਕ ਵਿਵਹਾਰ’ ਦੀ ਨੀਤੀ ਦੀ ਉਲੰਘਣਾ ਕਰਨ ‘ਤੇ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਹੈ।

Spread the love