ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਨੂੰ ਅੱਜ 13 ਸਾਲ ਹੋ ਗਏ।

ਅਜੇ ਵੀ ਇਸ ਹਮਲੇ ਦੇ ਮਾਸਟਰਮਾਇੰਡ ਨੂੰ ਸਖ਼ਤ ਸਜ਼ਾਵਾਂ ਨਹੀਂ ਹੋਈਆਂ।

ਪਾਕਿਸਤਾਨੀ ਮੂਲ ਦੇ ਕੈਨੇਡੀਆਈ ਨਾਗਰਿਕ ਤਹੱਵੁਰ ਰਾਣਾ ਦੀ ਹਵਾਲਗੀ ਦੀ ਉਡੀਕ ਪੂਰੀ ਨਹੀਂ ਹੋਈ ਹੈ।

ਇਸ ਤੋਂ ਇਲਾਵਾ ਮਾਮਲੇ ਨਾਲ ਜੁੜੇ ਚਾਰ ਹੋਰਨਾਂ ਲੋਕਾਂ ਦੇ ਵੀ ਪਕੜ ‘ਚ ਆਉਣ ਦੀ ਅਮਰੀਕਾ ਤੇ ਭਾਰਤ ‘ਚ ਉਡੀਕ ਹੋ ਰਹੀ ਹੈ।

ਇਨ੍ਹਾਂ ਲੋਕਾਂ ‘ਤੇ ਅਮਰੀਕੀ ਅਦਾਲਤ ‘ਚ ਦੋਸ਼ ਤੈਅ ਹੋ ਚੁੱਕੇ ਹਨ।

ਰਾਣਾ ਦੇ ਬਚਪਨ ਦੇ ਦੋਸਤ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਦਾਊਦ ਸਈਦ ਗਿਲਾਨੀ ਉਰਫ਼ ਡੇਵਿਡ ਕੋਲਮਨ ਹੈਡਲੀ ਨੂੰ ਅਮਰੀਕੀ ਅਦਾਲਤ 35 ਸਾਲ ਕੈਦ ਦੀ ਸਜ਼ਾ ਸੁਣਾ ਚੁੱਕੀ ਹੈ।

ਸਜ਼ਾ ਦਾ ਇਹ ਐਲਾਨ ਮੁੰਬਈ ਅੱਤਵਾਦੀ ਹਮਲੇ ‘ਚ ਹੈਡਲੀ ਦੇ ਸਹਿਯੋਗ ਕਰਨ ਦਾ ਦੋਸ਼ ਸਾਬਿਤ ਹੋਣ ਤੋਂ ਬਾਅਦ ਹੋਇਆ।

ਇਸ ਹਮਲੇ ‘ਚ ਛੇ ਅਮਰੀਕੀ ਨਾਗਰਿਕ ਵੀ ਮਾਰੇ ਗਏ ਸਨ।

ਹੈਡਲੀ ਆਪਣੇ ਲਈ ਨਿਰਧਾਰਤ ਉਮਰਕੈਦ ਦੀ ਸਜ਼ਾ ਤੋਂ ਬਚਣ ਲਈ ਵਾਅਦਾਮਾਫ਼ ਗਵਾਹ ਬਣ ਗਿਆ ਸੀ।

ਉਸ ਨੇ ਭਾਰਤ ‘ਚ ਚੱਲ ਰਹੇ ਮਾਮਲਿਆਂ ਲਈ ਵੀ ਵਾਅਦਾ ਮਾਫ਼ ਗਵਾਹ ਬਣਨ ਦੀ ਇੱਛਾ ਪ੍ਰਗਟਾਈ ਸੀ।

2015 ‘ਚ ਮੁੰਬਈ ਦੀ ਸੈਸ਼ਨ ਕੋਰਟ ਨੇ ਉਸ ਨੂੰ ਗਵਾਹ ਦੇ ਰੂਪ ‘ਚ ਪੇਸ਼ ਕੀਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ।

ਹੈਡਲੀ ਨੇ ਰਾਣਾ ਦੀ ਮਦਦ ਨਾਲ ਭਾਰਤ ਆਉਣ ਲਈ ਬਿਜ਼ਨਸ ਵੀਜ਼ਾ ਹਾਸਲ ਕੀਤਾ ਸੀ।

ਇਸ ਤੋਂ ਬਾਅਦ ਉਸ ਨੇ ਮੁੰਬਈ ਆ ਕੇ ਅੱਤਵਾਦੀ ਹਮਲੇ ਲਈ ਮੌਕੇ-ਹਾਲਾਤ ਦੇਖੇ ਤੇ ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਨੂੰ ਰਿਪੋਰਟ ਦਿੱਤੀ। ਇਸ ਤੋਂ ਬਾਅਦ 2008 ‘ਚ ਅੱਤਵਾਦੀ ਹਮਲਾ ਹੋਇਆ ਜਿਸ ‘ਚ ਦੇਸ਼ ਵਿਦੇਸ਼ ਦੇ 170 ਤੋਂ ਵੱਧ ਲੋਕ ਮਾਰੇ ਗਏ।

Spread the love