ਚੰਡੀਗੜ੍ਹ, 26 ਨਵੰਬਰ

ਪਰਾਲੀ ਦੇ ਧੂੰਏਂ ਕਾਰਨ ਦਿੱਲੀ ਦੀ ਨਹੀਂ ਪੰਜਾਬ ਦੀ ਹਵਾ ਪ੍ਰਦੂਸ਼ਿਤ ਹੋ ਰਹੀ ਹੈ। 45 ਦਿਨਾਂ ਦੀ ਹਵਾ ਦੀ ਗਤੀ ‘ਤੇ ਕੀਤੇ ਗਏ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਹਾਲ ਹੀ ‘ਚ ਹਵਾ ਦੀ ਰਫ਼ਤਾਰ 3 ਤੋਂ 5 ਕਿਲੋਮੀਟਰ ਰਹੀ ਹੈ। ਇਸ ਰਫ਼ਤਾਰ ਨਾਲ ਪੰਜਾਬ ਵਿੱਚ ਪਰਾਲੀ ਸਾੜਨ ਦਾ ਧੂੰਆਂ 300 ਕਿਲੋਮੀਟਰ ਦੂਰ ਦਿੱਲੀ ਤੱਕ ਨਹੀਂ ਪਹੁੰਚ ਸਕਦਾ।

16 ਨਵੰਬਰ ਨੂੰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 400 ਤੋਂ ਉੱਪਰ ਪਹੁੰਚ ਗਿਆ ਸੀ। ਇਸ ਤੋਂ ਪਹਿਲਾਂ ਵੀ ਝੋਨੇ ਦੇ ਸੀਜ਼ਨ ਦੌਰਾਨ ਦਿੱਲੀ ਦੀ ਹਵਾ ਪ੍ਰਦੂਸ਼ਿਤ ਹੋ ਚੁੱਕੀ ਹੈ। ਦਿੱਲੀ ਦੀ ਖ਼ਰਾਬ ਹਵਾ ਲਈ ਹਮੇਸ਼ਾ ਪਰਾਲੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ ਪਰ ਇਸ ਦੀ ਅਸਲ ਸਥਿਤੀ ਕੁਝ ਹੋਰ ਹੈ। ਹਾਲ ਹੀ ‘ਚ ਦਿੱਲੀ ਦੇ ਹਵਾਈ ਟੈਸਟ ‘ਚ ਪਰਾਲੀ ਦਾ ਯੋਗਦਾਨ ਸਿਰਫ 6 ਫੀਸਦੀ ਪਾਇਆ ਗਿਆ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਹਵਾ ਦੀ ਗਤੀ ‘ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੀ ਹਵਾ ਦੀ ਗੁਣਵੱਤਾ ਰਾਜਧਾਨੀ ਦਿੱਲੀ ਨਾਲੋਂ ਪਰਾਲੀ ਦੇ ਧੂੰਏਂ ਨਾਲ ਜ਼ਿਆਦਾ ਪ੍ਰਭਾਵਿਤ ਹੋਈ ਹੈ। ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਨੇ ਦੇਖਿਆ ਹੈ ਕਿ 1 ਅਕਤੂਬਰ ਤੋਂ 15 ਨਵੰਬਰ ਦਰਮਿਆਨ ਹਵਾ ਦੀ ਰਫ਼ਤਾਰ ਸਿਰਫ਼ ਤਿੰਨ ਦਿਨਾਂ ਵਿੱਚ 5 ਕਿਲੋਮੀਟਰ ਪ੍ਰਤੀ ਘੰਟੇ ਤੋਂ ਘੱਟ ਅਤੇ ਬਾਕੀ ਦਿਨਾਂ ਵਿੱਚ 2-3 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਰਹੀ ਹੈ। ਇਨ੍ਹਾਂ ਹਾਲਾਤਾਂ ਵਿੱਚ ਇਹ ਸੰਭਾਵਨਾ ਨਹੀਂ ਹੈ ਕਿ ਧੂੰਏਂ ਨੇ 300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦਿੱਲੀ ਦੀ ਹਵਾ ਨੂੰ ਪ੍ਰਦੂਸ਼ਿਤ ਕੀਤਾ ਹੋਵੇ।

ਪਰਾਲੀ ਦੇ ਧੂੰਏਂ ਨੇ ਪੰਜਾਬ ਵਿੱਚ ਪ੍ਰਦੂਸ਼ਣ ਦਾ ਪੱਧਰ ਦਿੱਲੀ ਨਾਲੋਂ ਵੀ ਵੱਧ ਵਧਾ ਦਿੱਤਾ ਹੈ। ਰਾਜ ਦੇ ਕਈ ਜ਼ਿਲ੍ਹਿਆਂ ਵਿੱਚ, ਪਰਾਲੀ ਸਾੜਨ ਦੇ ਸੀਜ਼ਨ ਦੌਰਾਨ AQI 300 ਨੂੰ ਪਾਰ ਕਰ ਗਿਆ ਸੀ। ਪਰਾਲੀ ਸਾੜਨ ਦੀਆਂ ਘਟਨਾਵਾਂ ਘਟਣ ਦੇ ਨਾਲ ਹੀ ਸ਼ਹਿਰਾਂ ਦੀ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੁੰਦੀ ਜਾ ਰਹੀ ਹੈ।

ਜ਼ਿਲ੍ਹਾ AQI

ਅੰਮ੍ਰਿਤਸਰ 128

ਬਠਿੰਡਾ 235

ਜਲੰਧਰ 147

ਲੁਧਿਆਣਾ 209

ਪਟਿਆਲਾ 180

ਪਰਾਲੀ ਦਾ ਧੂੰਆਂ ਜਦੋਂ ਦਿੱਲੀ ਤੱਕ ਪਹੁੰਚਦਾ ਹੈ, ਉਦੋਂ ਹਵਾ ਦੀ ਰਫ਼ਤਾਰ 10 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੁੰਦੀ ਹੈ ਪਰ ਇਸ ਵਾਰ ਹਵਾ ਦੀ ਰਫ਼ਤਾਰ ਹੋਰਨਾਂ ਮੌਸਮਾਂ ਨਾਲੋਂ ਬਹੁਤ ਘੱਟ ਸੀ, ਜਿਸ ਕਰਕੇ ਪੰਜਾਬ ਦੀ ਪਰਾਲੀ ਤੋਂ ਦਿੱਲੀ ਦੀ ਹਵਾ ਪ੍ਰਦੂਸ਼ਿਤ ਹੋਣ ਦੀ ਸੰਭਾਵਨਾ ਘੱਟ ਸੀ।

Spread the love