ਨਵੀਂ ਦਿੱਲੀ, 03 ਦਸੰਬਰ

ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਆਪਣੇ ਆਖਰੀ ਲੀਗ ਮੈਚ ਜਿੱਤ ਕੇ 20ਵੀਂ ਏਸ਼ੀਅਨ ਸਕੁਐਸ਼ ਟੀਮ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।ਹੁਣ ਦੋਵੇਂ ਟੀਮਾਂ ਅੱਜ ਹਾਂਗਕਾਂਗ ਨਾਲ ਖੇਡਣਗੀਆਂ । ਸਿਖਰਲਾ ਦਰਜਾ ਪ੍ਰਾਪਤ ਭਾਰਤੀ ਪੁਰਸ਼ ਟੀਮ ਨੇ ਇੰਡੋਨੇਸ਼ੀਆ ਨੂੰ 3-0 ਨਾਲ ਹਰਾ ਕੇ ਪੂਲ ਏ ਵਿੱਚ ਪੰਜ ਮੈਚਾਂ ਵਿੱਚ ਪੰਜਵੀਂ ਜਿੱਤ ਦਰਜ ਕੀਤੀ।

ਤੀਜਾ ਦਰਜਾ ਪ੍ਰਾਪਤ ਮਹਿਲਾ ਟੀਮ ਨੇ ਇਰਾਨ ਨੂੰ 3-0 ਨਾਲ ਹਰਾ ਕੇ ਪੂਲ ਬੀ ਵਿੱਚ ਮਲੇਸ਼ੀਆ ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ। ਭਾਰਤ ਨੇ ਚੋਟੀ ਦੇ ਖਿਡਾਰੀ ਸੌਰਵ ਘੋਸ਼ਾਲ ਨੂੰ ਆਰਾਮ ਦਿੱਤਾ ਪਰ ਰਮਿਤ ਟੰਡਨ, ਮਹੇਸ਼ ਮਾਂਗਾਂਵਕਰ ਅਤੇ ਵੇਲਾਵਨ ਸੇਂਥਿਲਕੁਮਾਰ ਨੇ ਆਪਣੇ ਇੰਡੋਨੇਸ਼ੀਆਈ ਵਿਰੋਧੀਆਂ ਨੂੰ ਕੋਈ ਮੌਕਾ ਦਿੱਤੇ ਬਿਨਾਂ ਸਿੱਧੇ ਗੇਮ ਵਿੱਚ 3-0 ਨਾਲ ਜਿੱਤ ਦਰਜ ਕੀਤੀ।

ਮਲੇਸ਼ੀਆ ਖ਼ਿਲਾਫ਼ ਹਾਰ ਝੱਲਣ ਵਾਲੀ ਮਹਿਲਾ ਟੀਮ ਨੇ ਫਿਲੀਪੀਨਜ਼ ਤੇ ਈਰਾਨ ਨੂੰ ਹਰਾ ਕੇ ਆਖ਼ਰੀ ਚਾਰ ਵਿੱਚ ਥਾਂ ਪੱਕੀ ਕਰ ਲਈ। ਮਹਿਲਾ ਟੀਮ ਨੂੰ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਲਈ ਜਿੱਤ ਦੀ ਲੋੜ ਸੀ। ਸਟਾਰ ਖਿਡਾਰਨ ਜੋਸ਼ਨਾ ਚਿਨੱਪਾ ਨੇ ਗ਼ਜ਼ਲ ਸ਼ਰਾਫਪੁਰ ਨੂੰ 3-0 ਨਾਲ ਹਰਾ ਕੇ ਟੀਮ ਦੀ ਚੰਗੀ ਸ਼ੁਰੂਆਤ ਕੀਤੀ ਜਦਕਿ ਸੁਨੈਨਾ ਕੁਰੂਵਿਲਾ ਅਤੇ ਉਰਵਸ਼ੀ ਜੋਸ਼ੀ ਨੇ ਵੀ ਬਰਾਬਰੀ ਦੇ ਫਰਕ ਨਾਲ ਜਿੱਤ ਦਰਜ ਕਰਕੇ ਭਾਰਤ ਨੂੰ ਆਖ਼ਰੀ ਚਾਰ ਵਿੱਚ ਪਹੁੰਚਾਇਆ।

Spread the love