ਚੰਡੀਗੜ੍ਹ, 9 ਦਸੰਬਰ

ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪੁਰਾਣੇ ਟਕਸਾਲੀ ਅਕਾਲੀ ਆਗੂ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਖੇਤਰੀ ਇੱਛਾਵਾਂ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਨੁੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਨੁੰ ਮਾਤ ਪਾਉਣ ਲਈ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਪੰਥਕ ਰਾਜਨੀਤੀ, ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਮੁਜੱਸਮਾ ਮੰਨੇ ਜਾਂਦੇ ਜਥੇਦਾਰ ਨੇ ਛੋਟੇਪੁਰ ਸਾਰੀਆਂ ਪੰਜਾਬੀ ਤੇ ਪੰਥਕ ਤਾਕਤਾਂ ਨੂੰ ਇਕ ਅਕਾਲੀ ਦਲ ਦੇ ਝੰਡੇ ਥੱਲੇ ਇਕੱਠ ਹੋ ਕੇ ਲੜਨ ਅਤੇ ਬਾਹਰਲਿਆਂ ਦੇ ਤਿੰਨ ਪੜਾਵੀ ਹਮਲੇ ਨੂੰ ਮਾਤ ਪਾਉਣ ਵਾਸਤੇ ਭਾਵੁਕ ਤੇ ਜੋਸ਼ੀਲੀ ਅਪੀਲ ਕੀਤੀ। ਉਹਨਾਂ ਨਾਲ ਹੀ ਕਿਹਾ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬੀਆਂ ਨੂੰ ਕਾਂਗਰਸ, ਭਾਜਪਾ ਤੇ ਆਪ ਤੇ ਹੋਰ ਬਾਹਰਲੀਆਂ ਪਾਰਟੀਆਂ ਨੂੰ ਲੁੱਟ ਤੋਂ ਬਚਾਅ ਸਕਦਾ ਹੈ।

ਟਕਸਾਲੀ ਅਕਾਲੀ ਜਿਹਨਾਂ ਨੇ 1986 ਵਿਚ ਸ੍ਰੀ ਹਰਿਮੰਦਿਰ ਸਾਹਿਬ ਵਿਚ ਪੁਲਿਸ ਭੇਜਣ ਦੇ ਵਿਰੁੱਧ ਰੋਸ ਵਜੋਂ ਬਰਨਾਲਾ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਸੀ, ਨੂੰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਮੌਕੇ ’ਤੇ ਹੀ ਪਾਰਟੀ ਪ੍ਰਧਾਨ ਨੇ ਉਹਨਾਂ ਦੀ ਬਟਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰੀ ਦਾ ਐਲਾਨ ਵੀ ਕੀਤਾ।

ਉਹਨਾਂ ਨੂੰ ਆਪਣੀ ਮਾਂ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਥੇਦਾਰ ਛੋਟੇਪੁਰ ਦੀ ਅਕਾਲੀ ਦਲ ਵਿਚ ਵਾਪਸੀ ਨਾਲ ਪੰਥਕ ਤਾਕਤਾਂ ਅਤੇ ਪੰਜਾਬ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੀ ਭਾਵਨਾ ਮਜ਼ਬੂਤ ਹੋਈਆਂ ਹਨ। ਸਰਦਾਰ ਬਾਦਲ ਨੇ ਕਿਹਾ ਕਿ ਛੋਟੇਪੁਰ ਸਾਹਿਬ ਪੰਜਾਬ ਸਵੈ ਮਾਣ ਦੇ ਮੁਦੱਈ ਰਹੇ ਹਨ ਤੇ ਉਹਨਾਂ ਨੇ ਸੂਬੇ ਦੇ ਲੋਕਾਂ ਨੂੰ ਫਿਰਕੂ ਲੀਹਾਂ ’ਤੇ ਵੰਡਣ ਦੀਆਂ ਬਾਹਰਿਆਂ ਦੀਆਂ ਸਾਜ਼ਿਸ਼ਾਂ ਨੁੰ ਹਮੇਸ਼ਾ ਬੇਨਕਾਬ ਕੀਤਾ ਹੈ। ਉਹਨਾਂ ਕਿਹਾ ਕਿ ਮੈਨੁੰ ਬਹੁਤ ਸੰਤੁਸ਼ਟੀ ਹੈ ਕਿ ਮੇਰੇ ਪਾਰਟੀ ਦਾ ਮੁੱਖ ਸੇਵਾਦਾਰ ਹੁੰਦਿਆਂ ਸਾਰੇ ਪੰਜਾਬੀਆਂ ਦੀ ਏਕਤਾ ਦਾ ਮੁਦੱਈ ਰਹਿਣ ਵਾਲੇ ਘਾਗ ਸਿਆਸਤਦਾਨ ਅੱਜ ਘਰ ਵਾਪਸ ਪਰਤ ਆਇਆ ਹਾਂ। ਇਸ ਮੌਕੇ ’ਤੇ ਲਖਬੀਰ ਸਿੰਘ ਲੋਧੀਨੰਗਨ, ਗੁਰਬਚਨ ਸਿੰਘ ਬੱਬੇਹਾਲੀ ਵੀ ਹਾਜ਼ਰ ਸਨ। ਇਸ ਮੌਕੇ ਅਕਾਲੀ ਦਲ ਦੇ ਉਘੇ ਆਗੂ ਜਥੇਦਾਰ ਮੋਹਣ ਸਿੰਘ ਤੁੜ ਦਾ ਪੋਤਰਾ ਅਮਰਿੰਦਰ ਸਿੰਘ ਤੁੜ ਵੀ ਜਥੇਦਾਰ ਛੋਟੇਪੁਰ ਨਾਲ ਪਾਰਟੀ ਵਿਚ ਸ਼ਾਮਲ ਹੋਇਆ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਛੋਟੇਪੁਰ ਨੇ ਕਿਹਾ ਕਿ ਕਾਂਗਰਸ, ਭਾਜਪਾ ਤੇ ਆਪ ਤਿੰਨਾਂ ਗੈਰ ਪੰਜਾਬੀ ਧਾੜਵੀਆਂ ਦੇ ਹਮਲੇ ਕਾਰਨ ਪੰਜਾਬ ਦੀ ਵਿਲੱਖਣ ਸਭਿਆਚਾਰਕ ਏਕਤਾ ਦੇ ਨਾਲ ਨਾਲ ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਲਈ ਖ਼ਤਰਾ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹ ਤਿੰਨੋਂ ਦੋ ਭਾਈਚਾਰਿਆਂ ਹਿੰਦੂ ਤੇ ਸਿੱਖਾਂ ਵਿਚਾਲੇ ਮਤਭੇਦ ਪੈਦਾ ਕਰਕੇ, ਵੰਡੀਆਂ ਪਾ ਕੇ ਨਫਰਤ ਫੈਲਾ ਕੇ ਤੇ ਭੁਲੇਖਾ ਪੈਦਾ ਕਰ ਕੇ ਅਤੇ ਸਿੱਖ ਕੌਮ ਵਿਚ ਹੀ ਖਾਨਾਜੰਗੀ ਕਰਵਾ ਕੇ ਪੰਜਾਬ ਦੀ ਕਿਸਮਤ ਖੋਹਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਹਿੰਦੂ ਸਿੱਖ ਸਦਪਾਵਨਾ ਤੇ ਪੰਥਕ ਏਕਤਾ ਪਵਿੱਤਰ ਸਿਧਾਂਤ ਹਨ ਅਤੇ ਇਸ ਵੇਲੇ ਪੰਜਾਬੀ ਬੱਚਿਆਂ ਤੇ ਨੌਜਵਾਨਾਂ ਦੇ ਖੁਸ਼ਹਾਲ ਭਵਿੱਖ ਲਈ ਸਭ ਤੋਂ ਪਹਿਲੇ ਤੇ ਸਭ ਤੋਂ ਜ਼ਰੂਰੀ ਹਨ।

ਜਥੇਦਾਰ ਛੋਟੇਪੁਰ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਿਆ ਤੇ ਕਿਹਾ ਕਿ ਉਹ ਆਪ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਉਹ ਭਗਵੰਤ ਮਾਨ ਤੇ ਹਰਪਾਲ ਚੀਮਾ ਨਾਲ ਸਟੇਜਾਂ ’ਤੇ ਬੈਠ ਕੇ ਬੋਲਦੇ ਹਨ ਕਿ ਪਾਰਟੀ ਇਕ ਯੋਗ ਆਗੂ ਦੀ ਤਲਾਸ਼ ਕਰ ਰਹੀ ਹੈ। ਇਕ ਸਵਾਲ ਦੇ ਜਵਾਬ ਵਿਚ ਸੀਨੀਅਰ ਆਗੂ ਨੇ ਕਿਹਾ ਕਿ ਐਨ ਆਰ ਆਈਜ਼ ਤੋਂ ਇਕੱਠਾ ਕੀਤਾ ਪੈਸਾ ਦਿੱਲੀ ਦੇ ਖਾਤਿਆਂ ਵਿਚ ਜਮ੍ਹਾਂ ਕੀਤਾ ਗਿਆ ਸੀ ਤੇ ਇਸ ਗੱਲ ਦੀ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿ ਇਸ ਫੰਡ ਦਾ ਘੁਟਾਲਾ ਕਿਵੇਂ ਹੋਇਆ।

ਜਥੇਦਾਰ ਛੋਟੇਪੁਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਤੇ ਪੰਜਾਬੀਆਂ ਨੁੰ ਦਿਲੋਂ ਨਫਰਤ ਕਰਦਾ ਹੈ ਅਤੇ ਆਪ ਵਿਚ ਹਰ ਉਸ ਪੰਜਾਬੀ ਆਗੂ ਨੁੰ ਅਪਮਾਨਤ ਤੇ ਜ਼ਲੀਲ ਕਰਦਾ ਹੈ ਜੋ ਸੂਬੇ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰਦਾ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਤੇ ਪੰਜਾਬੀਆਂ ਨੁੰ ਆਪਣੇ ਨਿੱਜੀ ਲਾਲਸਾ ਦੀ ਪੂਰਤੀ ਵਾਸਤੇ ਗਲਤ ਢੰਗ ਨਾਲ ਵਰਤਣ ਚਾਹੁੰਦਾ ਹੈ। ਉਹਨਾਂ ਕਿਹਾ ਕਿ ਕੋਈ ਵੀ ਕੇਜਰੀਵਾਲ ਨੂੰ ਪੰਜਾਬੀਆਂ ਦੇ ਸਵੈ ਮਾਣ ’ਤੇ ਹਮਲਾ ਨਾ ਕਰਨ ਵਾਸਤੇ ਆਖਦਾ ਹੈ ਤਾਂ ਉਸਨੁੰ ਬਾਹਰ ਦਾ ਰਸਤਾ ਹੀ ਨਹੀਂ ਵਿਖਾਇਆ ਜਾਂਦਾ ਬਲਕਿ ਉਸਨੂੰ ਸ਼ਰ੍ਹੇਆਮ ਬਹੁਤ ਜ਼ਿਆਦਾ ਜ਼ਲੀਲ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਐਚ ਐਸ ਫੂਲਕ, ਧਰਵੀਰ ਗਾਂਧੀ, ਕੰਵਰ ਸੰਧੂ, ਸੁਖਪਾਲ ਖਹਿਰਾ ਤੇ ਭਗਵੰਤ ਮਾਨ ਵਰਗੇ ਆਗੂਆਂ ਨੂੰ ਬਹੁਤ ਅਪਮਾਨਤ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਪਾਰਟੀ ਦੇ ਹਰ ਵਿਧਾਇਕ ਨੂੰ ਲਗਾਤਾਰ ਅਪਮਾਨਤ ਕਰਦੇ ਹਨ ਜਿਸ ਕਾਰਨ ਉਹ ਪਾਰਟੀ ਛੱਡ ਰਹੇ ਹਨਉਂ ਉਹਨਾਂ ਕਿਹਾ ਕਿ ਕੇਜਰੀਵਾਲ ਹੁਣ ਆਪ ਵੇਖੇਗਾ ਕਿ ਉਸਦੀ ਆਪਣੀ ਪਾਰਟੀ ਵਿਚ ਪੰਜਾਬੀਆਂ ਦਾ ਸਤਿਕਾਰ ਨਾ ਹੋਣ ਕਾਰਨ ਪੰਜਾਬ ਵਿਚੋਂ ਪਾਰਟੀ ਦਾ ਸਫਾਇਆ ਹੋ ਜਾਵੇਗਾ। ਇਹ ਵਿਅਕਤੀ ਪੰਜਾਬ ਨਾਲ ਨਫਰਤ ਵਿਚ ਨਕੋ ਨੱਕ ਡੁੱਬਿਆ ਪਿਆ ਹੈ।

Spread the love