ਅਮਰੀਕਾ ਸਮੇਤ ਚਾਰ ਦੇਸ਼ਾਂ ਨੇ ਅਗਲੇ ਸਾਲ ਚੀਨ ਵਿੱਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ਦਾ ਬਾਈਕਾਟ ਕਰ ਦਿੱਤਾ ਜਿਸ ਤੋਂ ਬਾਅਦ ਚੀਨ ਨਰਾਜ ਦਿਖਾਈ ਦੇ ਰਿਹੈ।

ਚੀਨ ਨੇ ਬਾਈਕਾਟ ਕਰਨ ਵਾਲੇ ਚਾਰ ਦੇਸ਼ਾਂ ਅਮਰੀਕਾ, ਆਸਟ੍ਰੇਲੀਆ, ਬ੍ਰਿਟੇਨ ਅਤੇ ਕੈਨੇਡਾ ਨੂੰ ਸਿੱਧੀ ਧਮਕੀ ਦਿੱਤੀ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ- ਕੁਝ ਦੇਸ਼ਾਂ ਨੇ ਇੱਥੇ ਹੋਣ ਵਾਲੀਆਂ ਵਿੰਟਰ ਓਲੰਪਿਕ ਖੇਡਾਂ ਦਾ ਕੂਟਨੀਤਕ ਬਾਈਕਾਟ ਕੀਤਾ ਹੈ।

ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਖੇਡਾਂ ਵਿੱਚ ਰਾਜਨੀਤੀ ਗਲਤ ਹੈ ਅਤੇ ਇਨ੍ਹਾਂ ਦੇਸ਼ਾਂ ਨੂੰ ਇਸ ਬਾਈਕਾਟ ਦੀ ਕੀਮਤ ਚੁਕਾਉਣੀ ਪਵੇਗੀ।

ਦਰਅਸਲ ਅਗਲੇ ਸਾਲ ਚੀਨ ਵਿੱਚ ਵਿੰਟਰ ਓਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ।

ਉਸ ਤੋਂ ਪਹਿਲਾਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਅਤੇ ਕੈਨੇਡਾ ਨੇ ਕੂਟਨੀਤਕ ਤੌਰ ‘ਤੇ ਇਸ ਦਾ ਬਾਈਕਾਟ ਕਿਉਂ ਕੀਤਾ ਹੈ।

ਇਹ ਦੇਸ਼ ਇਲਜ਼ਾਮ ਲਗਾਉਂਦੇ ਹਨ ਕਿ ਚੀਨ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ।

ਇਹ ਚਾਰੇ ਦੇਸ਼ ਖੇਡ ਮੁਕਾਬਲਿਆਂ ਲਈ ਟੀਮਾਂ ਭੇਜਣਗੇ, ਪਰ ਇਸ ਦੇ ਨਾਲ ਆਏ ਡਿਪਲੋਮੈਟ ਨਹੀਂ ਜਾਣਗੇ।

ਕੂਟਨੀਤਕ ਤੌਰ ‘ਤੇ ਇਹ ਕਦਮ ਪ੍ਰਤੀਕਾਤਮਕ ਹੈ ਪਰ ਚੀਨ ਲਈ ਇਹ ਵੱਡਾ ਝਟਕਾ ਹੈ।

ਇਸ ਕਾਰਨ ਚੀਨ ਗੁੱਸੇ ‘ਚ ਹੈ। ਅਮਰੀਕਾ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਬਾਈਕਾਟ ਸ਼ੁਰੂ ਕੀਤਾ ਗਿਆ ਸੀ।

ਇਸ ਤੋਂ ਬਾਅਦ ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਵੀ ਇਹੀ ਫੈਸਲਾ ਲਿਆ ਹੈ।

ਵੀਰਵਾਰ ਨੂੰ ਕੂਟਨੀਤਕ ਬਾਈਕਾਟ ਕਰਨ ਵਾਲੇ ਦੇਸ਼ਾਂ ਵਿੱਚ ਕੈਨੇਡਾ ਵੀ ਸ਼ਾਮਲ ਹੋ ਗਿਆ।

ਹੁਣ ਚੀਨ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਇਨ੍ਹਾਂ ਚਾਰ ਦੇਸ਼ਾਂ ਤੋਂ ਬਾਅਦ ਕੁਝ ਹੋਰ ਦੇਸ਼ ਵੀ ਵਿੰਟਰ ਓਲੰਪਿਕ ਦਾ ਕੂਟਨੀਤਕ ਬਾਈਕਾਟ ਕਰ ਸਕਦੇ ਹਨ।

ਇਹੀ ਕਾਰਨ ਹੈ ਕਿ ਹੁਣ ਉਸ ਨੇ ਕੂਟਨੀਤੀ ਦੀ ਥਾਂ ਧਮਕੀ ਭਰਿਆ ਰਵੱਈਆ ਅਪਣਾਇਆ ਹੈ।

ਇਸ ਮਾਮਲੇ ਬਾਰੇ ਪੁੱਛੇ ਗਏ ਸਵਾਲ ‘ਤੇ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੇਂਗ ਵੇਨਬਿਨ ਨੇ ਕਿਹਾ- ਸਿਆਸੀ ਫਾਇਦੇ ਲਈ ਓਲੰਪਿਕ ਵਰਗੇ ਪਲੇਟਫਾਰਮ ਦੀ ਵਰਤੋਂ ਕਰਨਾ ਗਲਤ ਹੈ।

ਬਾਈਕਾਟ ਕਰਨ ਵਾਲੇ ਦੇਸ਼ ਆਪਣੇ ਆਪ ਨੂੰ ਅਲੱਗ-ਥਲੱਗ ਕਰ ਰਹੇ ਹਨ। ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।

ਇਸ ਮਾਮਲੇ ‘ਤੇ ਬੋਲਦਿਆਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਅਸੀਂ ਚੀਨ ਵਿੱਚ ਮਨੁੱਖੀ ਅਧਿਕਾਰਾਂ ਦੇ ਮੁੱਦੇ ‘ਤੇ ਪਹਿਲਾਂ ਹੀ ਚਿੰਤਾ ਜ਼ਾਹਰ ਕਰ ਚੁੱਕੇ ਹਾਂ।

ਕੋਈ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਲਈ ਅਸੀਂ ਬੀਜਿੰਗ ਵਿੰਟਰ ਓਲੰਪਿਕ ਖੇਡਾਂ ਅਤੇ ਪੈਰਾਲੰਪਿਕ ਖੇਡਾਂ ਦਾ ਕੂਟਨੀਤਕ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।

Spread the love