ਪੈਗਾਸਸ ਸਪਾਈਵੇਅਰ ਬਣਾਉਣ ਵਾਲੀ ਇਜ਼ਰਾਈਲੀ ਕੰਪਨੀ ਐਨਐਸਓ ਗਰੁੱਪ ਲਿਿਮਟੇਡ, ਜਿਸ ‘ਤੇ ਭਾਰਤ ਵਿਚ ਜਾਸੂਸੀ ਕਰਨ ਦਾ ਦੋਸ਼ ਹੈ, ਕਰਜ਼ੇ ਵਿਚ ਡੁੱਬੀ ਹੋਈ ਹੈ ਅਤੇ ਦੀਵਾਲੀਆਪਨ ਦੀ ਕਗਾਰ ‘ਤੇ ਪਹੁੰਚ ਗਈ ਹੈ।

ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਮੁਤਾਬਕ ਇਸ ਖ਼ਤਰੇ ਦੇ ਮੱਦੇਨਜ਼ਰ ਕੰਪਨੀ ਪੈਗਾਸਸ ਸਪਾਈਵੇਅਰ ਨੂੰ ਬੰਦ ਕਰਨ ਅਤੇ ਵੇਚਣ ਦੀ ਤਿਆਰੀ ਕਰ ਰਹੀ ਹੈ।

ਦੱਸਿਆ ਜਾ ਰਿਹਾ ਕੰਪਨੀ ਨੇ ਵਿੱਤੀ ਸਹਾਇਤਾ ਅਤੇ ਕੰਪਨੀ ਨੂੰ ਸਿੱਧੇ ਤੌਰ ‘ਤੇ ਵੇਚਣ ਲਈ ਕਈ ਨਿਵੇਸ਼ ਫੰਡਾਂ ਨਾਲ ਗੱਲ ਕੀਤੀ ਹੈ। ਕੰਪਨੀ ਨੂੰ ਖਰੀਦਣ ਲਈ ਦੋ ਨਾਂ ਸਾਹਮਣੇ ਆ ਰਹੇ ਹਨ।

ਦੋਵੇਂ ਅਮਰੀਕੀ ਫੰਡ ਹਨ ਜਿਨ੍ਹਾਂ ਨੇ ਪੈਗਾਸਸ ਨੂੰ ਆਪਣੇ ਕੰਟਰੋਲ ਵਿੱਚ ਲੈ ਕੇ ਬੰਦ ਕਰਨ ਬਾਰੇ ਚਰਚਾ ਕੀਤੀ ਹੈ। ਜੇਕਰ ਸੌਦਾ ਤੈਅ ਹੋ ਜਾਂਦਾ ਹੈ, ਤਾਂ ਦੋਵੇਂ ਕੰਪਨੀਆਂ ਪੈਗਾਸਸ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਮਜ਼ਬੂਤ ਸਾਈਬਰ ਰੱਖਿਆ ਸੁਰੱਖਿਆ ਬਣਾਉਣ ਲਈ ਲਗਭਗ $200 ਮਿਲੀਅਨ (ਲਗਭਗ 1,500 ਕਰੋੜ ਰੁਪਏ) ਦਾ ਨਿਵੇਸ਼ ਕਰਨਗੀਆਂ।

ਨਾਲ ਹੀ ਇਸ ਦੀ ਤਕਨੀਕ ਦਾ ਇਸਤੇਮਾਲ ਇਜ਼ਰਾਇਲੀ ਕੰਪਨੀ ਦੀ ਡਰੋਨ ਤਕਨੀਕ ਨੂੰ ਵਿਕਸਿਤ ਕਰਨ ਲਈ ਵੀ ਕੀਤਾ ਜਾ ਸਕਦਾ ਹੈ।

ਦੱਸ ਦੇਈਏ ਕਿ ਇਸ ਸਾਲ ਜੁਲਾਈ ‘ਚ ਇੱਕ ਨਿਊਜ਼ ਪੋਰਟਲ ‘ਦਿ ਵਾਇਰ’ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਸੀ ਕਿ ਭਾਰਤ ਸਰਕਾਰ ਨੇ 2017 ਤੋਂ 2019 ਦਰਮਿਆਨ ਕਰੀਬ 300 ਭਾਰਤੀਆਂ ਦੀ ਜਾਸੂਸੀ ਕੀਤੀ ਸੀ।

ਇਨ੍ਹਾਂ ਲੋਕਾਂ ਵਿੱਚ ਪੱਤਰਕਾਰ, ਵਕੀਲ, ਸਮਾਜ ਸੇਵੀ, ਵਿਰੋਧੀ ਧਿਰ ਦੇ ਆਗੂ ਅਤੇ ਕਾਰੋਬਾਰੀ ਸ਼ਾਮਲ ਸਨ।

ਸਰਕਾਰ ਨੇ ਪੈਗਾਸਸ ਸਪਾਈਵੇਅਰ ਰਾਹੀਂ ਇਨ੍ਹਾਂ ਲੋਕਾਂ ਦੇ ਫੋਨ ਹੈਕ ਕੀਤੇ ਸਨ। ਇਸ ਰਿਪੋਰਟ ਤੋਂ ਬਾਅਦ ਸਰਕਾਰ ਨੇ ਸਪੱਸ਼ਟ ਕੀਤਾ ਕਿ ਸਾਰੇ ਦੋਸ਼ ਬੇਬੁਨਿਆਦ ਹਨ ਹਾਂਲਾਕਿ ਮਾਮਲਾ ਅਦਾਲਤ ਵਿੱਚ ਹੈ ਪਰ ਹੁਣ ਨਵੇਂ ਸਿਰੇ ਤੋਂ ਪੈਗਾਸਸ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।

Spread the love