ਅਬੋਹਰ, 16 ਦਸੰਬਰ

ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਵਿੱਚ ਬੈਂਕਿੰਗ ਸੋਧ ਬਿੱਲ ਪੇਸ਼ ਕਰਕੇ ਜਨਤਕ ਖੇਤਰ ਦੇ ਸਾਰੇ ਬੈਂਕਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦਾ ਰਾਹ ਸਾਫ਼ ਕੀਤਾ ਜਾ ਰਿਹਾ ਹੈ। ਇਸ ਦੇ ਵਿਰੋਧ ਵਿੱਚ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਵੱਲੋਂ ਅੱਜ ਤੋਂ ਦੋ ਰੋਜ਼ਾ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਅਬੋਹਰ ਵਿੱਚ ਹੜਤਾਲ ਦੇ ਪਹਿਲੇ ਦਿਨ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਅਰਥੀ ਫੂਕ ਮਾਰਚ ਕੱਢਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਹੜਤਾਲ ਭਲਕੇ ਵੀ ਜਾਰੀ ਰਹੇਗੀ।

ਬੈਂਕ ਆਫੀਸਰਜ਼ ਯੂਨੀਅਨ ਦੇ ਪ੍ਰਧਾਨ ਅਜੇ ਅਗਰਵਾਲ ਅਤੇ ਅਮਰਜੀਤ ਨੇ ਕਿਹਾ ਕਿ ਕੇਂਦਰ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਬੈਂਕਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕਰ ਰਹੀ ਹੈ। ਇਸ ਤਹਿਤ ਸਰਦ ਰੁੱਤ ਸੈਸ਼ਨ ‘ਚ ਬੈਂਕਿੰਗ ਸੋਧ ਬਿੱਲ ਪਾਸ ਕਰਕੇ ਸਾਰੇ ਜਨਤਕ ਖੇਤਰ ਦੇ ਬੈਂਕਾਂ ਨੂੰ ਨਿੱਜੀ ਹੱਥਾਂ ‘ਚ ਸੌਂਪਣ ਦਾ ਰਸਤਾ ਸਾਫ ਹੋ ਜਾਵੇਗਾ। ਇਸ ਦੇ ਵਿਰੋਧ ‘ਚ ਜਨਤਕ ਖੇਤਰ ਦੇ ਬੈਂਕਾਂ ਦੇ ਕਰਮਚਾਰੀ ਦੋ ਦਿਨ ਦੀ ਹੜਤਾਲ ‘ਤੇ ਹਨ।

ਉਨ੍ਹਾ ਦੱਸਿਆ ਕਿ ਪਹਿਲੇ ਦਿਨ ਸਾਰੇ ਬੈਂਕਾਂ ਦੇ ਕਰਮਚਾਰੀ ਪੀਐਨਬੀ ਦੀ ਮੁੱਖ ਸ਼ਾਖਾ ਦੇ ਬਾਹਰ ਇਕੱਠੇ ਹੋਏ ਅਤੇ ਉਥੋਂ ਝਾਂਸੀ ਬਾਜ਼ਾਰ, ਅੰਬੇਡਕਰ ਚੌਕ, ਲੱਕੜ ਮੰਡੀ, ਸਦਰ ਬਾਜ਼ਾਰ ਚੌਕ, ਸਰਕੂਲਰ ਰੋਡ, ਸੈਨ ਚੌਕ ਅਤੇ ਹਕੀਕਤ ਰਾਏ ਚੌਕ ਤੋਂ ਹੁੰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਅਤੇ ਵਾਪਸ ਪਰਤ ਗਏ। ਪੀ.ਐਨ.ਬੀ. ਦੀ ਮੇਨ ਬ੍ਰਾਂਚ ਦੇ ਸਾਹਮਣੇ ਪਹੁੰਚ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਅਜੈ ਅਗਰਵਾਲ ਨੇ ਕਿਹਾ ਕਿ ਮੁਲਾਜ਼ਮ ਵਿਰੋਧੀ ਕੇਂਦਰ ਸਰਕਾਰ ਦੇਸ਼ ਦੇ ਸਾਰੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਕਰ ਰਹੀ ਹੈ, ਪਰ ਜੇਕਰ ਬੈਂਕਾਂ ਦਾ ਨਿੱਜੀਕਰਨ ਕੀਤਾ ਗਿਆ ਤਾਂ ਬੈਂਕਾਂ ਵਿੱਚ ਪੈਸਾ ਸੁਰੱਖਿਅਤ ਰੱਖਣ ਦੀ ਦੇਸ਼ ਦੇ ਕਿਸੇ ਵੀ ਨਾਗਰਿਕ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਸਮੂਹ ਮੁਲਾਜ਼ਮ ਜਥੇਬੰਦੀਆਂ ਪੰਜਾਬ ਐਂਡ ਸਿੰਧ ਬੈਂਕ ਅੱਗੇ ਇਕੱਠੀਆਂ ਹੋਣਗੀਆਂ ਅਤੇ ਉਥੋਂ ਸਦਰ ਬਾਜ਼ਾਰ ਰਾਹੀਂ ਬੱਸ ਸਟੈਂਡ ਇਲਾਕੇ ਵਿੱਚ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਬੈਂਕਾਂ ਦੇ ਨਿੱਜੀਕਰਨ ਨਾਲ ਸਬੰਧਤ ਬਿੱਲ ਰੱਦ ਨਹੀਂ ਕਰਦੀ, ਉਦੋਂ ਤੱਕ ਉਨ੍ਹਾਂ ਦਾ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਦੇ ਨਾਲ ਹੀ ਸ਼ਹਿਰ ਦੇ ਸਾਰੇ ਸਰਕਾਰੀ ਬੈਂਕ ਬੰਦ ਰਹਿਣ ਕਾਰਨ ਲੋਕਾਂ ਨੂੰ ਬੈਂਕਿੰਗ ਨਾਲ ਸਬੰਧਤ ਕੰਮਾਂ ਨੂੰ ਲੈ ਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Spread the love