ਨਵੀਂ ਦਿੱਲੀ, 16 ਦਸੰਬਰ

ਦਸੰਬਰ ਮਹੀਨਾ ਖਤਮ ਹੋਣ ਵਿੱਚ ਹੁਣ ਸਿਰਫ਼ 16 ਦਿਨ ਬਾਕੀ ਹਨ। ਇਨ੍ਹਾਂ ਬਾਕੀ ਬਚੇ 16 ਦਿਨਾਂ ‘ਚ ਦੇਸ਼ ਦੇ ਕੁਝ ਹਿੱਸਿਆਂ ‘ਚ ਬੈਂਕ 10 ਦਿਨ ਬੰਦ ਰਹਿਣ ਵਾਲੇ ਹਨ। ਅੱਜ ਅਤੇ ਕੱਲ੍ਹ ਦੇਸ਼ ਭਰ ਵਿੱਚ ਬੈਂਕ ਮੁਲਾਜ਼ਮਾਂ ਦੀ ਹੜਤਾਲ ਹੈ। ਅਜਿਹੇ ‘ਚ ਆਮ ਲੋਕਾਂ ਨੂੰ ਬੈਂਕਿੰਗ ਕਾਰੋਬਾਰ ਨੂੰ ਸੰਭਾਲਣ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰਿਪੋਰਟ ਮੁਤਾਬਕ ਜਨਤਕ ਖੇਤਰ ਦੇ ਦੋ ਬੈਂਕਾਂ ਦੇ ਨਿੱਜੀਕਰਨ ਦੇ ਸਰਕਾਰ ਦੇ ਕਦਮ ਦੇ ਵਿਰੋਧ ‘ਚ ਵੱਖ-ਵੱਖ ਜਨਤਕ ਖੇਤਰ ਦੇ ਬੈਂਕਾਂ ਦੇ ਲਗਭਗ 9 ਲੱਖ ਕਰਮਚਾਰੀ ਅੱਜ ਤੋਂ ਹੜਤਾਲ ‘ਤੇ ਹਨ। ਸਟੇਟ ਬੈਂਕ ਆਫ ਇੰਡੀਆ (SBI) ਸਮੇਤ ਜ਼ਿਆਦਾਤਰ ਬੈਂਕਾਂ ਨੇ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਚੈੱਕ ਕਲੀਅਰੈਂਸ ਅਤੇ ਫੰਡ ਟ੍ਰਾਂਸਫਰ ਵਰਗੇ ਬੈਂਕਿੰਗ ਕਾਰਜਾਂ ਦੇ ਪ੍ਰਭਾਵਾਂ ਤੋਂ ਸਾਵਧਾਨ ਕੀਤਾ ਹੈ।

ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ (ਏਆਈਬੀਓਸੀ) ਦੇ ਜਨਰਲ ਸਕੱਤਰ ਸੌਮਿਆ ਦੱਤਾ ਨੇ ਕਿਹਾ ਕਿ ਬੁੱਧਵਾਰ ਨੂੰ ਵਧੀਕ ਮੁੱਖ ਕਿਰਤ ਕਮਿਸ਼ਨਰ ਦੇ ਸਾਹਮਣੇ ਹੋਈ ਸੁਲਾਹ ਦੀ ਮੀਟਿੰਗ ਬੇਸਿੱਟਾ ਰਹੀ, ਇਸ ਲਈ ਬੈਂਕ ਯੂਨੀਅਨਾਂ ਹੜਤਾਲ ‘ਤੇ ਹਨ।

ਬੈਂਕ ਯੂਨੀਅਨਾਂ ਨੇ ਬੈਂਕਾਂ ਦੇ ਪ੍ਰਸਤਾਵਿਤ ਨਿੱਜੀਕਰਨ ਵਿਰੁੱਧ ਦੋ ਦਿਨਾਂ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਦੋ ਦਿਨਾਂ ਹੜਤਾਲ ਕਾਰਨ ਅੱਜ 16 ਦਸੰਬਰ (ਵੀਰਵਾਰ) ਅਤੇ 17 ਦਸੰਬਰ (ਸ਼ੁੱਕਰਵਾਰ) ਨੂੰ ਦੇਸ਼ ਭਰ ਦੀਆਂ ਬੈਂਕਾਂ ਦੀਆਂ ਸ਼ਾਖਾਵਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ 19 ਦਸੰਬਰ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਬੈਂਕ ਬੰਦ ਰਹਿਣਗੇ। ਇਸ ਤਰ੍ਹਾਂ ਦੇਸ਼ ਭਰ ‘ਚ ਇਸ ਹਫਤੇ ਬੈਂਕ ਤਿੰਨ ਦਿਨ ਬੰਦ ਰਹਿਣ ਵਾਲੇ ਹਨ।

ਮੇਘਾਲਿਆ ‘ਚ ਵੀ 18 ਦਸੰਬਰ ਸ਼ਨੀਵਾਰ ਨੂੰ ਸਥਾਨਕ ਛੁੱਟੀ ਕਾਰਨ ਬੈਂਕ ਬੰਦ ਰਹਿਣਗੇ। ਸ਼ਨੀਵਾਰ ਨੂੰ ਯੂ ਸੋਸੋ ਥਾਮ ਦੀ ਵਰ੍ਹੇਗੰਢ ਹੈ। ਇਸ ਕਾਰਨ ਮੇਘਾਲਿਆ ਵਿੱਚ ਬੈਂਕਾਂ ਦਾ ਕੰਮ ਬੰਦ ਰਹੇਗਾ। ਆਉਣ ਵਾਲੇ ਹਫ਼ਤੇ ਵਿੱਚ ਵੀ ਕਈ ਛੁੱਟੀਆਂ ਹਨ। ਮਿਜ਼ੋਰਮ ‘ਚ 24 ਦਸੰਬਰ ਨੂੰ ਕ੍ਰਿਸਮਸ ਦੇ ਮੱਦੇਨਜ਼ਰ ਬੈਂਕ ਬੰਦ ਰਹਿਣਗੇ।

ਇਸ ਤੋਂ ਬਾਅਦ 25 ਦਸੰਬਰ ਨੂੰ ਕ੍ਰਿਸਮਿਸ ਅਤੇ ਮਹੀਨੇ ਦੇ ਚੌਥੇ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ‘ਚ ਬੈਂਕਾਂ ਦਾ ਕੰਮਕਾਜ ਬੰਦ ਰਹੇਗਾ। 26 ਦਸੰਬਰ ਨੂੰ ਐਤਵਾਰ ਹੋਣ ਕਾਰਨ ਬੈਂਕ ਹਰ ਪਾਸੇ ਬੰਦ ਰਹਿਣਗੇ। ਇਸ ਤੋਂ ਬਾਅਦ 27 ਦਸੰਬਰ ਨੂੰ ਮਿਜ਼ੋਰਮ ‘ਚ ਕ੍ਰਿਸਮਸ ਦੇ ਜਸ਼ਨ ਦੀ ਛੁੱਟੀ ਹੈ। ਮੇਘਾਲਿਆ ਵਿੱਚ 30 ਦਸੰਬਰ ਨੂੰ ਯੂ ਕਿਆਂਗ ਨੋਂਗਬਾਹ ਦੀ ਯਾਦ ਵਿੱਚ ਬੈਂਕ ਛੁੱਟੀ ਹੋਵੇਗੀ। ਮਹੀਨੇ ਦੇ ਆਖਰੀ ਦਿਨ 31 ਦਸੰਬਰ ਨੂੰ ਮਿਜ਼ੋਰਮ ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਬੈਂਕ ਬੰਦ ਰਹਿਣਗੇ।

Spread the love