ਨਵੀਂ ਦਿੱਲੀ, 16 ਦਸੰਬਰ
ਕੁੜੀਆਂ ਦੇ ਵਿਆਹ ਦੀ ਉਮਰ 18 ਤੋਂ ਵਧਾ ਕੇ 21 ਸਾਲ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਕੈਬਨਿਟ ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਲਈ ਸਰਕਾਰ ਮੌਜੂਦਾ ਕਾਨੂੰਨਾਂ ਵਿੱਚ ਸੋਧ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ 2020 ਨੂੰ ਲਾਲ ਕਿਲ੍ਹੇ ਤੋਂ ਆਪਣੇ ਸੰਬੋਧਨ ਵਿੱਚ ਇਸ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਕੁੜੀਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਦਾ ਸਹੀ ਸਮੇਂ ‘ਤੇ ਵਿਆਹ ਕੀਤਾ ਜਾਵੇ।
ਮੌਜੂਦਾ ਕਾਨੂੰਨ ਮੁਤਾਬਕ ਦੇਸ਼ ਵਿੱਚ ਮਰਦਾਂ ਲਈ ਵਿਆਹ ਦੀ ਘੱਟੋ-ਘੱਟ ਉਮਰ 21 ਸਾਲ ਅਤੇ ਔਰਤਾਂ ਲਈ 18 ਸਾਲ ਹੈ। ਹੁਣ ਸਰਕਾਰ ਬਾਲ ਵਿਆਹ ਰੋਕੂ ਐਕਟ, ਸਪੈਸ਼ਲ ਮੈਰਿਜ ਐਕਟ ਅਤੇ ਹਿੰਦੂ ਮੈਰਿਜ ਐਕਟ ਵਿੱਚ ਸੋਧ ਕਰੇਗੀ। ਨੀਤੀ ਆਯੋਗ ਵਿੱਚ ਜਯਾ ਜੇਤਲੀ ਦੀ ਅਗਵਾਈ ਵਾਲੀ ਟਾਸਕ ਫੋਰਸ ਨੇ ਇਸ ਦੀ ਸਿਫ਼ਾਰਸ਼ ਕੀਤੀ ਸੀ।
ਨੀਤੀ ਆਯੋਗ ਦੇ ਮੈਂਬਰ ਡਾਕਟਰ ਵੀਕੇ ਪਾਲ ਵੀ ਇਸ ਟਾਸਕ ਫੋਰਸ ਦੇ ਮੈਂਬਰ ਸਨ। ਇਨ੍ਹਾਂ ਤੋਂ ਇਲਾਵਾ ਸਿਹਤ ਅਤੇ ਪਰਿਵਾਰ ਭਲਾਈ, ਮਹਿਲਾ ਅਤੇ ਬਾਲ ਵਿਕਾਸ, ਉੱਚ ਸਿੱਖਿਆ, ਸਕੂਲ ਸਿੱਖਿਆ ਅਤੇ ਸਾਖਰਤਾ ਮਿਸ਼ਨ ਅਤੇ ਨਿਆਂ ਅਤੇ ਕਾਨੂੰਨ ਮੰਤਰਾਲੇ ਦੇ ਬਿੱਲ ਵਿਭਾਗ ਦੇ ਸਕੱਤਰ ਟਾਸਕ ਫੋਰਸ ਦੇ ਮੈਂਬਰ ਸਨ।
ਇਸ ਟਾਸਕ ਫੋਰਸ ਦਾ ਗਠਨ ਪਿਛਲੇ ਸਾਲ ਜੂਨ ‘ਚ ਕੀਤਾ ਗਿਆ ਸੀ ਅਤੇ ਇਸ ਨੇ ਪਿਛਲੇ ਸਾਲ ਦਸੰਬਰ ‘ਚ ਹੀ ਆਪਣੀ ਰਿਪੋਰਟ ਸੌਂਪੀ ਸੀ। ਟਾਸਕ ਫੋਰਸ ਨੇ ਕਿਹਾ ਕਿ ਪਹਿਲੇ ਬੱਚੇ ਨੂੰ ਜਨਮ ਦੇਣ ਸਮੇਂ ਕੁੜੀਆਂ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ। ਵਿਆਹ ਵਿੱਚ ਦੇਰੀ ਦਾ ਪਰਿਵਾਰਾਂ, ਔਰਤਾਂ, ਬੱਚਿਆਂ ਅਤੇ ਸਮਾਜ ਦੇ ਆਰਥਿਕ, ਸਮਾਜਿਕ ਅਤੇ ਸਿਹਤ ਉੱਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ।
ਇੰਡੀਅਨ ਕ੍ਰਿਸਚੀਅਨ ਮੈਰਿਜ ਐਕਟ 1872, ਪਾਰਸੀ ਮੈਰਿਜ ਐਂਡ ਤਲਾਕ ਐਕਟ 1936, ਸਪੈਸ਼ਲ ਮੈਰਿਜ ਐਕਟ 1954, ਅਤੇ ਹਿੰਦੂ ਮੈਰਿਜ ਐਕਟ 1955 ਦੇ ਅਨੁਸਾਰ, ਵਿਆਹ ਲਈ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ 18 ਸਾਲ ਹੋਣੀ ਚਾਹੀਦੀ ਹੈ। ਧਰਮ ਅਨੁਸਾਰ ਇਸ ਵਿੱਚ ਕੋਈ ਤਬਦੀਲੀ ਜਾਂ ਛੋਟ ਨਹੀਂ ਦਿੱਤੀ ਗਈ ਹੈ। ਮੌਜੂਦਾ ਸਮੇਂ ਵਿੱਚ ਬਾਲ ਵਿਆਹ ਰੋਕੂ ਕਾਨੂੰਨ 2006 ਲਾਗੂ ਹੈ। ਜਿਸ ਅਨੁਸਾਰ 21 ਅਤੇ 18 ਤੋਂ ਪਹਿਲਾਂ ਦਾ ਵਿਆਹ ਬਾਲ ਵਿਆਹ ਮੰਨਿਆ ਜਾਵੇਗਾ। ਅਜਿਹਾ ਕਰਨ ਅਤੇ ਕਰਵਾਉਣ ‘ਤੇ ਦੋ ਸਾਲ ਤੱਕ ਦੀ ਕੈਦ ਅਤੇ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸਰਕਾਰ ਕੁੜੀਆਂ ਦੇ ਵਿਆਹ ਦੀ ਉਮਰ ਦੀ ਸਮੀਖਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੁੜੀਆਂ ਦੇ ਵਿਆਹ ਦੀ ਸਹੀ ਉਮਰ ਕਿੰਨੀ ਹੋਣੀ ਚਾਹੀਦੀ ਹੈ, ਇਸ ਲਈ ਇਕ ਕਮੇਟੀ ਬਣਾਈ ਗਈ ਹੈ, ਜਿਸ ਦੀ ਰਿਪੋਰਟ ਆਉਂਦੇ ਹੀ ਕੁੜੀਆਂ ਦੇ ਵਿਆਹ ਦੀ ਉਮਰ ਬਾਰੇ ਢੁੱਕਵਾਂ ਫੈਸਲਾ ਲਿਆ ਜਾਵੇਗਾ। ਹੁਣ ਸਰਕਾਰ ਲੜਕੀਆਂ ਲਈ ਇਸ ਸੀਮਾ ਨੂੰ ਵਧਾ ਕੇ 21 ਸਾਲ ਕਰਨ ‘ਤੇ ਵਿਚਾਰ ਕਰ ਰਹੀ ਹੈ। ਸੰਸਦ ਮੈਂਬਰ ਜਯਾ ਜੇਤਲੀ ਦੀ ਪ੍ਰਧਾਨਗੀ ‘ਚ 10 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ, ਜੋ ਜਲਦ ਹੀ ਇਸ ‘ਤੇ ਆਪਣੇ ਸੁਝਾਅ ਦੇਵੇਗੀ।
ਦਰਅਸਲ, ਵਕੀਲ ਅਸ਼ਵਨੀ ਕੁਮਾਰ ਉਪਾਧਿਆਏ ਵੱਲੋਂ ਧੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਦਿੱਲੀ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਉਨ੍ਹਾਂ ਕਿਹਾ ਸੀ ਕਿ ਕੁੜੀਆਂ ਅਤੇ ਮੁੰਡਿਆਂ ਦੇ ਵਿਆਹ ਦੀ ਉਮਰ ਵਿਚ ਕਾਨੂੰਨੀ ਅੰਤਰ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਜਦੋਂ ਇਸ ਪਟੀਸ਼ਨ ‘ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਗਿਆ ਸੀ ਤਾਂ ਕੇਂਦਰ ਨੇ ਦੱਸਿਆ ਸੀ ਕਿ ਇਸ ਮਾਮਲੇ ‘ਤੇ ਜਾਂਚ ਫੋਰਸ ਦਾ ਗਠਨ ਕੀਤਾ ਗਿਆ ਹੈ।