ਅੰਮ੍ਰਿਤਸਰ, 21 ਦਸੰਬਰ

ਪੰਜਾਬ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਤੋਂ ਪੰਜਾਬ ਵਿੱਚ ਚਾਰ ਥਾਵਾਂ ’ਤੇ ਸ਼ੁਰੂ ਕੀਤਾ ਗਿਆ ਰੇਲ ਰੋਕੋ ਅੰਦੋਲਨ ਅੱਜ ਵੀ ਜਾਰੀ ਹੈ । ਕਿਸਾਨ ਠੰਢ ਵਿੱਚ ਰਾਤ ਭਰ ਟਰੈਕ ’ਤੇ ਬੈਠੇ ਰਹੇ। ਅੰਦੋਲਨ ਕਾਰਨ ਸੋਮਵਾਰ ਨੂੰ 39 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਜਦਕਿ ਬਾਹਰੋਂ ਆਉਣ ਵਾਲੀਆਂ 18 ਟਰੇਨਾਂ ਪੰਜਾਬ ਦੇ ਸਟੇਸ਼ਨਾਂ ‘ਤੇ ਨਹੀਂ ਪਹੁੰਚ ਸਕੀਆਂ। ਕਿਸਾਨ ਜਥੇਬੰਦੀ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਨ੍ਹਾਂ ਦਾ ਪੱਕਾ ਧਰਨਾ ਜਾਰੀ ਰਹੇਗਾ।

ਕਿਸਾਨ ਆਗੂ ਸਤਨਾਮ ਸਿੰਘ ਪੰਨੂੰ ਅਤੇ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕਿਸਾਨ ਆਪਣੇ ਬਿਸਤਰੇ ਲੈ ਕੇ ਧਰਨੇ ਵਾਲੀ ਥਾਂ ’ਤੇ ਪਹੁੰਚ ਗਏ ਹਨ। ਹੜਤਾਲ ਦਿਨ ਰਾਤ ਜਾਰੀ ਰਹੇਗੀ। 29 ਸਤੰਬਰ ਨੂੰ ਮੁੱਖ ਮੰਤਰੀ ਚੰਨੀ ਨਾਲ ਹੋਈ ਮੀਟਿੰਗ ਦੌਰਾਨ ਸਾਰੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਜੇਕਰ ਸਰਕਾਰ ਨੇ ਜਲਦੀ ਮੰਗਾਂ ਨਾ ਮੰਨੀਆਂ ਤਾਂ 22 ਦਸੰਬਰ ਤੋਂ ਤਿੰਨ ਹੋਰ ਥਾਵਾਂ ‘ਤੇ ਧਰਨੇ ਸ਼ੁਰੂ ਕੀਤੇ ਜਾਣਗੇ। ਸੋਮਵਾਰ ਨੂੰ ਕਿਸਾਨਾਂ ਨੇ ਜੰਡਿਆਲਾ-ਮਾਨਵਾਲਾ ਰੇਲ ਮਾਰਗ, ਜਲੰਧਰ-ਪਠਾਨਕੋਟ ਰੇਲ ਮਾਰਗ, ਟਾਂਡਾ ਉੜਮੁੜ ਫਿਰੋਜ਼ਪੁਰ ਟ੍ਰੈਕ ਅਤੇ ਅੰਮ੍ਰਿਤਸਰ-ਖੇਮਕਰਨ ਰੇਲ ਮਾਰਗ ‘ਤੇ ਧਰਨਾ ਦਿੱਤਾ। ਧਰਨੇ ਵਾਲੀ ਥਾਂ ‘ਤੇ ਕਿਸਾਨ ਆਪਣੇ ਨਾਲ ਰਾਸ਼ਨ-ਪਾਣੀ ਅਤੇ ਬੈੱਡ ਲੈ ਕੇ ਪਹੁੰਚ ਚੁੱਕੇ ਹਨ।

ਕਿਸਾਨਾਂ ਅਨੁਸਾਰ ਪਿਛਲੇ 50 ਸਾਲਾਂ ਵਿੱਚ ਫਸਲਾਂ ਦੇ ਭਾਅ 80 ਫੀਸਦੀ ਵਧੇ ਹਨ, ਜਦੋਂ ਕਿ ਖੇਤੀ ਲਾਗਤ 300 ਗੁਣਾ ਵਧ ਗਈ ਹੈ। ਇਸ ਕਾਰਨ ਕਿਸਾਨ ਕਰਜ਼ੇ ਹੇਠ ਦੱਬੇ ਹੋਏ ਹਨ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਕੇਂਦਰ ਸਰਕਾਰ ਐਮਐਸਪੀ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ। ਗੜੇਮਾਰੀ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਸਰਕਾਰ 50 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ। ਉਨ੍ਹਾਂ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ। ਗੰਨੇ ਦੀ ਫ਼ਸਲ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਗੰਨੇ ਦੀ ਅਦਾਇਗੀ ਨਵੇਂ ਰੇਟ ’ਤੇ ਕੀਤੀ ਜਾਵੇ।

Spread the love