ਲੁਧਿਆਣਾ, 23 ਦਸੰਬਰ

ਲੁਧਿਆਣਾ ਅਦਾਲਤ ‘ਚ ਹੋਏ ਧਮਾਕੇ ਤੋਂ ਬਾਅਦ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਇਸ ਧਮਾਕੇ ‘ਚ ਇਕ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਧਮਾਕੇ ‘ਚ ਘੱਟੋ-ਘੱਟ 4 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਤੁਹਾਨੂੰ ਦੱਸ ਦੇਈਏ ਕਿ ਧਾਰਮਿਕ ਸਥਾਨਾਂ ਨੂੰ ਲੈ ਕੇ ਪਹਿਲਾਂ ਹੀ ਸੁਰੱਖਿਆ ਦਾ ਹਾਈ ਅਲਰਟ ਹੈ। ਇਸ ਦੇ ਨਾਲ ਹੀ ਜਨਤਕ ਥਾਵਾਂ ‘ਤੇ ਵੀ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਘਟਨਾ ਤੋਂ ਬਾਅਦ ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਮੌਕੇ ‘ਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਕੁਝ ਦੇਸ਼ ਵਿਰੋਧੀ ਅਨਸਰ ਅਜਿਹੀਆਂ ਹਰਕਤਾਂ ਕਰ ਰਹੇ ਹਨ। ਸਰਕਾਰ ਚੌਕਸ ਹੈ। ਦੋਸ਼ੀ ਪਾਏ ਜਾਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਸੀਐਮ ਚੰਨੀ ਦੇ ਨਾਲ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਕੇ ‘ਤੇ ਪਹੁੰਚ ਰਹੇ ਹਨ। ਰੰਧਾਵਾ ਕੋਲ ਗ੍ਰਹਿ ਵਿਭਾਗ ਵੀ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਦੀ ਤੀਜੀ ਮੰਜ਼ਿਲ ‘ਤੇ 9 ਨੰਬਰ ਅਦਾਲਤ ਦੇ ਕੋਲ ਸਥਿਤ ਇੱਕ ਵਾਸ਼ਰੂਮ ਵਿੱਚ ਬੰਬ ਧਮਾਕਾ ਹੋਇਆ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਪੂਰੀ ਇਮਾਰਤ ਹਿੱਲ ਗਈ।

ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦੀ ਟੀਮ ਵੀ ਮੁੱਢਲੀ ਜਾਂਚ ਲਈ ਲੁਧਿਆਣਾ ਅਦਾਲਤ ਜਾ ਰਹੀ ਹੈ।ਜਾਣਕਾਰੀ ਅਨੁਸਾਰ ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ।

ਧਮਾਕੇ ਕਾਰਨ ਜ਼ਮੀਨੀ ਮੰਜ਼ਿਲ ‘ਤੇ ਖੜ੍ਹੇ ਕਈ ਵਾਹਨ ਵੀ ਨੁਕਸਾਨੇ ਗਏ। ਪੁਲਿਸ ਨੇ ਦੱਸਿਆ ਕਿ ਇਹ ਧਮਾਕਾ ਅਦਾਲਤ ਦੇ ਅਹਾਤੇ ਵਿੱਚ ਉਸ ਸਮੇਂ ਹੋਇਆ ਜਦੋਂ ਜ਼ਿਲ੍ਹਾ ਅਦਾਲਤ ਦੀ ਕਾਰਵਾਈ ਚੱਲ ਰਹੀ ਸੀ। ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ।ਪੁਲਿਸ ਮੁਤਾਬਕ ਇਹ ਧਮਾਕਾ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ‘ਤੇ ਰਿਕਾਰਡ ਰੂਮ ਦੇ ਕੋਲ ਹੋਇਆ। ਚੰਡੀਗੜ੍ਹ ਤੋਂ ਬੰਬ ਨਿਰੋਧਕ ਟੀਮ ਅਤੇ ਫੋਰੈਂਸਿਕ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ ਹੈ। ਪੁਲਿਸ ਨੇ ਲੋਕਾਂ ਨੂੰ ਘਬਰਾਉਣ ਦੀ ਅਪੀਲ ਕੀਤੀ ਹੈ। ਲੁਧਿਆਣਾ ਵਿੱਚ ਪੁਲਿਸ ਦੀ ਗਸ਼ਤ ਵਧਾ ਦਿੱਤੀ ਗਈ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਪੁਲਿਸ ਸਿਰਫ਼ ਅਕਾਲੀ ਆਗੂਆਂ ‘ਤੇ ਹੀ ਕੇਸ ਦਰਜ ਕਰਨ ਦਾ ਕੰਮ ਕਰ ਰਹੀ ਹੈ ਅਤੇ ਕਾਨੂੰਨ ਵਿਵਸਥਾ ਵੱਲ ਕੋਈ ਧਿਆਨ ਨਹੀਂ ਦਿੰਦੀ | ਜਿਸ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਡੀਜੀਪੀ ਨੂੰ ਕਿਹਾ ਕਿ ਉਹ ਸਿਆਸੀ ਬਦਲਾਖੋਰੀ ਵਿੱਚ ਨਾ ਪੈਣ, ਸਗੋਂ ਕਾਨੂੰਨ ਵਿਵਸਥਾ ’ਤੇ ਧਿਆਨ ਦੇਣ।

Spread the love