ਕਰੋਨਾ ਵਾਇਰਸ ਦੀ ਵੱਧ ਇਨਫੈਕਸ਼ਨ ਤੋਂ ਕਈ ਦੇਸ਼ ਪ੍ਰੇਸ਼ਾਨ ਨਜ਼ਰ ਆ ਰਹੇ ਨੇ ਜਿਸ ਕਰਕੇ ਨਵੀਆਂ ਪਾਬੰਦੀਆਂ ਦਾ ਐਲਾਨ ਵੀ ਕੀਤਾ ਜਾ ਰਿਹੈ।

‘ਓਮੀਕਰੋਨ’ ਦਾ ਪ੍ਰਭਾਵ ਯੂਕੇ ‘ਤੇ ਗੰਭੀਰ ਪੈਂਦਾ ਨਜ਼ਰ ਆ ਰਿਹਾ ਹੈ ।

ਅੰਕੜੇ ਦੱਸਦੇ ਹਨ ਕਿ ਯੂ.ਕੇ. ਵਿਚ ਹਰ 20 ਵਿਚੋਂ ਇਕ ਵਿਅਕਤੀ ਨੂੰ ਕੋਵਿਡ-19 ਹੈ ।

ਇਹ ਅੰਕੜੇ ਸਾਲ 2021 ਦੇ ਆਖਰੀ ਹਫਤੇ ਦੇ ਹਨ ।

ਖਾਸ ਗੱਲ ਇਹ ਹੈ ਕਿ ਮਰੀਜ਼ਾਂ ਦੀ ਗਿਣਤੀ ਦੇ ਲਿਹਾਜ਼ ਨਾਲ ਲੰਡਨ ਦੀ ਹਾਲਤ ਬਦ ਤੋਂ ਬਦਤਰ ਨਜ਼ਰ ਆ ਰਹੀ ਹੈ ।

ਨੈਸ਼ਨਲ ਸਟੈਟਿਸਟਿਕਸ (ਅੰਕੜਾ ਸੰਗ੍ਰਹਿ) ਦੇ ਦਫਤਰ ਦਾ ਕਹਿਣਾ ਹੈ ਕਿ ਯੂ.ਕੇ. ‘ਚ ਅੰਦਾਜ਼ਨ 37 ਲੱਖ ਲੋਕ ਵਾਇਰਸ ਦਾ ਸ਼ਿਕਾਰ ਹੋ ਗਏ ਹਨ, ਕਿਉਂਕਿ ਦੇਸ਼ ਭਰ ਵਿਚ ਓਮੀਕਰੋਨ ਵੇਰੀਐਂਟ ਦੇ ਕੇਸਾਂ ਵਿਚ ਵਾਧਾ ਹੋਇਆ ਹੈ ।

ਪਿਛਲੇ ਹਫ਼ਤੇ ਇਹ ਗਿਣਤੀ 23 ਲੱਖ ਸੀ । ਓ. ਐਨ. ਐਸ. ਅਨੁਸਾਰ ਲੰਡਨ ਵਿਚ 10 ਵਿਚੋਂ 1 ਨੂੰ ਕੋਵਿਡ ਹੋਇਆ ਹੈ ।

ਇਸ ਦੇ ਨਾਲ ਹੀ ਇੰਗਲੈਂਡ ਵਿਚ ਅੰਦਾਜ਼ਨ 15 ਵਿਚੋਂ ਇੱਕ ਵਿਅਕਤੀ ਨੂੰ ਕੋਰੋਨਾ ਹੋਇਆ ਹੈ ।

ਓ. ਐਨ. ਐਸ. ਨੇ ਕਿਹਾ ਕਿ 31 ਦਸੰਬਰ 2021 ਨੂੰ ਖ਼ਤਮ ਹੋਣ ਵਾਲੇ ਹਫ਼ਤੇ ਤੱਕ ਇੰਗਲੈਂਡ ਵਿਚ ਹਰ ਉਮਰ ਦੇ ਲੋਕਾਂ ਵਿਚ ਕੋਵਿਡ ਦੀ ਲਾਗ ਦੀ ਦਰ ਲਗਾਤਾਰ ਵਧੀ ਹੈ।

ਸਕੂਲੀ ਉਮਰ ਦੇ ਬੱਚਿਆਂ ਅਤੇ ਨੌਜਵਾਨਾਂ ਵਿਚ ਉੱਚੀਆਂ ਦਰਾਂ ਅਜੇ ਵੀ ਦੇਖੀਆਂ ਜਾ ਰਹੀਆਂ ਹਨ ।

ਇਸ ਤੋਂ ਇਲਾਵਾ ਤਾਜ਼ਾ ਅੰਕੜਿਆਂ ਅਨੁਸਾਰ ਯੂ.ਕੇ. ਵਿਚ 13 ਲੱਖ ਲੋਕ ਲੰਬਾ ਸਮਾਂ ਕੋਵਿਡ ਤੋਂ ਪੀੜਤ ਰਹੇ ਹਨ, ਜਿਨ੍ਹਾਂ ‘ਚ 4 ਹਫਤਿਆਂ ਤੋਂ ਵੱਧ ਕੋਰੋਨਾ ਦੇ ਲੱਛਣ ਵੇਖੇ ਗਏ ।

Spread the love