ਨਵੀਂ ਦਿੱਲੀ, 15 ਜਨਵਰੀ

ਫਿਰੋਜ਼ਪੁਰ ਰੈਲੀ ਰੱਦ ਹੋਣ ਤੋਂ ਬਾਅਦ ਪੰਜਾਬ ਭਾਜਪਾ ਮੁੜ ਆਪਣੇ ਵਰਕਰਾਂ ਨੂੰ ਜਿੱਤ ਦਾ ਮੰਤਰ ਦੇਵੇਗੀ। ਇਸ ਦੇ ਲਈ ਪਾਰਟੀ 16 ਜਨਵਰੀ ਯਾਨੀ ਕਿ ਕੱਲ੍ਹ ਨੂੰ ਇੱਕ ਵੱਡੀ ਵਰਚੁਅਲ ਰੈਲੀ ਦਾ ਆਯੋਜਨ ਕਰ ਰਹੀ ਹੈ। ਇਸ ਦੇ ਜ਼ਰੀਏ ਪਾਰਟੀ ਤਿੰਨ ਲੱਖ ਵਰਕਰਾਂ ਨੂੰ ਜੋੜਨ ਦੀ ਯੋਜਨਾ ਬਣਾ ਰਹੀ ਹੈ। ਸੂਬੇ ‘ਚ ਬੂਥ ਪੱਧਰ ‘ਤੇ ਬਣਾਏ ਗਏ ਸ਼ਕਤੀ ਕੇਂਦਰਾਂ ਤੋਂ 2.50 ਲੱਖ ਵਰਕਰ ਰੈਲੀ ਨਾਲ ਜੁੜੇ ਹੋਣਗੇ।

ਕਰੋਨਾ ਸੰਕ੍ਰਮਣ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ 15 ਜਨਵਰੀ ਤੱਕ ਸਾਰੀਆਂ ਸਿਆਸੀ ਗਤੀਵਿਧੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਵਰਚੁਅਲ ਰੈਲੀਆਂ ਕਰ ਰਹੀਆਂ ਹਨ। ਭਾਜਪਾ ਨੂੰ ਵੀ ਪੰਜਾਬ ਚੋਣਾਂ ‘ਚ ਸੱਤਾ ‘ਤੇ ਕਾਬਜ਼ ਹੋਣ ਦੀ ਉਮੀਦ ਹੈ। ਖੇਤੀ ਐਕਟ ਵਾਪਸ ਲਏ ਜਾਣ ਮਗਰੋਂ ਪਾਰਟੀ ਆਗੂ ਰਾਹਤ ਮਹਿਸੂਸ ਕਰ ਰਹੇ ਹਨ। ਹਾਲਾਂਕਿ ਫਿਰੋਜ਼ਪੁਰ ਰੈਲੀ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੀਤੀ ਗਈ ਕੁਤਾਹੀ ਤੋਂ ਬਾਅਦ ਪਾਰਟੀ ਵਰਕਰਾਂ ਵਿੱਚ ਕਾਫੀ ਨਿਰਾਸ਼ਾ ਪਾਈ ਗਈ ਸੀ ਪਰ ਹੁਣ ਇਸ ਵਰਚੁਅਲ ਰੈਲੀ ਰਾਹੀਂ ਇੱਕ ਵਾਰ ਫਿਰ ਕੇਂਦਰੀ ਲੀਡਰਸ਼ਿਪ ਪਾਰਟੀ ਵਰਕਰਾਂ ਵਿੱਚ ਊਰਜਾ ਭਰਨ ਦਾ ਕੰਮ ਕਰੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਇਸ ਰੈਲੀ ਨੂੰ ਸੰਬੋਧਨ ਕਰ ਸਕਦੇ ਹਨ। ਇਨ੍ਹਾਂ ਵੱਡੇ ਆਗੂਆਂ ਦੇ ਰੈਲੀ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਦਰਮਿਆਨ ਪੰਜਾਬ ਭਾਜਪਾ ਦੇ ਆਗੂ ਵੀ ਰਾਹਤ ਮਹਿਸੂਸ ਕਰ ਰਹੇ ਹਨ। ਪੰਜਾਬ ਦੇ ਚੋਣ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਖੁਦ ਰੈਲੀ ਦੀਆਂ ਤਿਆਰੀਆਂ ਦੀ ਨਿਗਰਾਨੀ ਕਰ ਰਹੇ ਹਨ।

ਭਾਜਪਾ ਨੇ ਰੈਲੀ ਨੂੰ ਸਫਲ ਬਣਾਉਣ ਲਈ 2.50 ਲੱਖ ਵਰਕਰਾਂ ਨੂੰ ਸ਼ਕਤੀ ਕੇਂਦਰਾਂ ਰਾਹੀਂ ਜੋੜਨ ਦੀ ਯੋਜਨਾ ਬਣਾਈ ਹੈ। ਪੰਜਾਬ ਵਿੱਚ ਭਾਜਪਾ ਨੇ 5000 ਦੇ ਕਰੀਬ ਸ਼ਕਤੀ ਕੇਂਦਰ ਬਣਾਏ ਹਨ। ਇੱਕ ਸ਼ਕਤੀ ਕੇਂਦਰ ਵਿੱਚ 50 ਵਰਕਰ ਰੈਲੀ ਵਿੱਚ ਸ਼ਾਮਲ ਹੋਣਗੇ।

Spread the love