ਚੰਡੀਗੜ੍ਹ, 20 ਜਨਵਰੀ

ਚੰਡੀਗੜ੍ਹ ਦੇ ਖਿਡਾਰੀ ਹਰਨੂਰ ਸਿੰਘ ਪੰਨੂ ਨੇ ਵੈਸਟਇੰਡੀਜ਼ ਵਿੱਚ ਚੱਲ ਰਹੇ ਅੰਡਰ-19 ਵਿਸ਼ਵ ਕੱਪ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਪੰਨੂ ਨੇ ਆਇਰਲੈਂਡ ਖ਼ਿਲਾਫ਼ ਮੈਚ ਵਿੱਚ ਚੰਗੀ ਬੱਲੇਬਾਜ਼ੀ ਕੀਤੀ। ਹਰਨੂਰ ਨੇ 101 ਗੇਂਦਾਂ ਵਿੱਚ 88 ਦੌੜਾਂ ਬਣਾਈਆਂ। ਜਿਸ ਦੀ ਬਦੌਲਤ ਭਾਰਤੀ ਟੀਮ ਨੇ ਆਇਰਲੈਂਡ ਨੂੰ 174 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਜਿਸ ਤੋਂ ਬਾਅਦ ਟੀਮ ਸੁਪਰ ਲੀਗ ਪੜਾਅ ‘ਚ ਪਹੁੰਚ ਗਈ ਹੈ।

ਹਰਨੂਰ ਦੱਖਣੀ ਅਫਰੀਕਾ ਖ਼ਿਲਾਫ਼ ਮੈਚ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ। ਇਸ ਤੋਂ ਬਾਅਦ ਆਇਰਲੈਂਡ ਖ਼ਿਲਾਫ਼ ਮੈਚ ‘ਚ ਉਨ੍ਹਾਂ ਨੇ ਸਿਰਫ 101 ਗੇਂਦਾਂ ‘ਤੇ 88 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਜਿਸ ਵਿੱਚ 12 ਚੌਕੇ ਵੀ ਸ਼ਾਮਲ ਸਨ। ਹਾਲਾਂਕਿ ਉਹ ਸੈਂਕੜਾ ਨਹੀਂ ਲਗਾ ਸਕਿਆ। ਭਾਰਤੀ ਟੀਮ ਨੇ ਜਿੱਥੇ 50 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 307 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਉਥੇ ਆਇਰਲੈਂਡ ਦੀ ਟੀਮ 39 ਓਵਰਾਂ ‘ਚ ਸਿਰਫ 133 ਦੌੜਾਂ ‘ਤੇ ਆਲ ਆਊਟ ਹੋ ਗਈ।

ਹਰਨੂਰ ਦੇ ਦਾਦਾ ਰਜਿੰਦਰ ਸਿੰਘ ਪੰਨੂ ਨੇ ਪੰਜਾਬ ਲਈ ਪਹਿਲੇ ਦਰਜੇ ਦੀ ਕ੍ਰਿਕਟ ਖੇਡੀ ਹੈ ਅਤੇ 30 ਸਾਲਾਂ ਤੱਕ ਡੀਏਵੀ ਕਾਲਜ ਜਲੰਧਰ ਵਿੱਚ ਟੀਮ ਨੂੰ ਕੋਚਿੰਗ ਦਿੱਤੀ ਹੈ। ਇਸ ਦੇ ਨਾਲ ਹੀ ਹਰਨੂਰ ਦੇ ਪਿਤਾ ਪੇਸ਼ੇ ਤੋਂ ਵਕੀਲ ਹਨ ਅਤੇ ਅੰਡਰ-19 ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇੰਨਾ ਹੀ ਨਹੀਂ ਹਰਨੂਰ ਦੇ ਅੰਕਲ ਭੁਪਿੰਦਰ ਸਿੰਘ ਜੂਨੀਅਰ ਸਾਲ 1989 ‘ਚ ਢਾਕਾ ‘ਚ ਹੋਏ ਅੰਡਰ-19 ਏਸ਼ੀਆ ਕੱਪ ਟੂਰਨਾਮੈਂਟ ਦਾ ਹਿੱਸਾ ਰਹਿ ਚੁੱਕੇ ਹਨ।

ਜਦਕਿ ਹਰਨੂਰ ਦਾ ਵੱਡਾ ਭਰਾ ਜਸਨੂਰ ਪੰਨੂ ਅੰਡਰ 16 ਅਤੇ ਅੰਡਰ 19 ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਚੁੱਕਾ ਹੈ। ਹਰਨੂਰ ਪਹਿਲਾਂ ਪੰਜਾਬ ਲਈ ਖੇਡਦਾ ਸੀ ਪਰ ਬਾਅਦ ਵਿੱਚ ਚੰਡੀਗੜ੍ਹ ਯੂਟੀ ਕ੍ਰਿਕਟ ਐਸੋਸੀਏਸ਼ਨ ਨੂੰ ਬੀਸੀਸੀਆਈ ਤੋਂ ਮਾਨਤਾ ਮਿਲਣ ਤੋਂ ਬਾਅਦ ਉਹ ਚੰਡੀਗੜ੍ਹ ਲਈ ਖੇਡ ਰਿਹਾ ਹੈ। ਉਸਦਾ ਪਰਿਵਾਰ ਮੂਲ ਰੂਪ ਵਿੱਚ ਜਲੰਧਰ ਦਾ ਰਹਿਣ ਵਾਲਾ ਹੈ।

Spread the love