ਚੰਡੀਗੜ੍ਹ, 25 ਜਨਵਰੀ

ਮਾਂ ਹੁੰਦੀ ਐ ਮਾਂ ਹੋ ਦੁਨੀਆਂ ਵਾਲਿਓ ! ਵਰਗੇ ਬਹੁਤ ਗੀਤਾਂ ਦੇ ਲਿਖਾਰੀ ਦੇਵ ਥਰੀਕਿਆਂ ਵਾਲੇ ਅੱਜ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ।

ਇਹ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਦੇਵ ਥਰੀਕਿਆਂ ਵਾਲੇ 83 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਸਸਕਾਰ ਅੱਜ ਪਿੰਡ ਥਰੀਕੇ ਦਾ ਸ਼ਮਸ਼ਾਨ ਘਾਟ ਵਿਖੇ ਬਾਅਦ ਦੁਪਹਿਰ 2 ਵਜੇ ਕੀਤਾ ਜਾਵੇਗਾ। ਉਨ੍ਹਾਂ ਦੀ ਕਲਮ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ। ਪੰਜਾਬ ਦੇ ਲਿਖਾਰੀਆਂ ‘ਚੋ ਦੇਵ ਥਰੀਕਿਆਂ ਵਾਲੇ ਕਮਾਲ ਦੇ ਲਿਖਾਰੀ ਸਨ।

ਤੁਹਾਨੂੰ ਦੱਸ ਦੇਈਏ ਕਿ ਦੇਵ ਥਰੀਕਿਆਂ ਵਾਲੇ ਦਾ ਅਸਲ ਨਾਂਅ ਹਰਦੇਵ ਸਿੰਘ ਸੀ ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਦੇਵ ਥਰੀਕਿਆਂ ਦੇ ਨਾਂ ਵਜੋਂ ਪਹਿਚਾਣ ਸੀ । ਦੇਵ ਦਾ ਜਨਮ ਪਿੰਡ ਥਰੀਕੇ ‘ਚ ਸੰਨ 1939 ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਸੀ। ਬਾਅਦ ‘ਚ ਉਹ ਆਪਣੀ ਉਚੇਰੀ ਪੜ੍ਹਾਈ ਕਰਨ ਦੇ ਲਈ ਲੁਧਿਆਣਾ ਆ ਗਏ ਸਨ।

ਪਿੰਡ ਦੇ ਸਕੂਲ ‘ਚ ਪੜ੍ਹਦਿਆਂ ਉਨ੍ਹਾਂ ਬੱਚਿਆਂ ‘ਤੇ ਇੱਕ ਗੀਤ ਲਿਖਿਆ ਸੀ, ਜਿਸਦਾ ਨਾਂਅ ਸੀ ‘ਚੱਲ ਚੱਕ ਭੈਣੇ ਬਸਤਾ ਸਕੂਲ ਚੱਲੀਏ’, ਜੋ ਬਾਲ ਦਰਬਾਰ ਨਾਂਅ ਦੇ ਮੈਗਜ਼ੀਨ ‘ਚ ਵੀ ਛਪਿਆ ਹੋਇਆ ਸੀ। ਇਸ ਮਗਰੋਂ ਉਹ ਲਗਾਤਾਰ ਲਿਖਦੇ ਰਹੇ । ਚੱਲ ਸੋ ਚੱਲ ਫਿਰ ਉਨ੍ਹਾਂ ਬਹੁਤ ਕਹਾਣੀਆਂ ਲਿਖੀਆਂ, ਕਿਤਾਬਾਂ ਵੀ ਲਿਖੀਆਂ, ਜੋ ਕਿ ਕਾਫ਼ੀ ਮਸ਼ਹੂਰ ਵੀ ਹੋਈਆਂ। ਦੇਵ ਨੂੰ 1960 ਵਿੱਚ ਇੱਕ ਅਧਿਆਪਕ ਦੀ ਨੌਕਰੀ ਵੀ ਮਿਲੀ।

ਹੁਣ ਇੱਕ ਝਾਂਤੀ ਮਾਰ ਦੇ ਹਾਂ ਉਨ੍ਹਾਂ ਦੀ ਗੀਤਕਾਰੀ ਦੇ ਸਫ਼ਰ ‘ਤੇ ਤਾਂ ਉਨ੍ਹਾਂ ਦਾ ਲਿਖਿਆ ਪਹਿਲਾ ਗੀਤ 1961 ਵਿੱਚ ਰਿਕਾਰਡ ਹੋਇਆ ਸੀ। ਦੇਵ ਦੇ ਗੀਤਾਂ ਨੂੰ ਕਰਮਜੀਤ ਧੂਰੀ, ਕਰਨੈਲ ਗਿੱਲ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ,ਸਵਰਨ ਲਤਾ, ਪੰਮੀ ਬਾਈ, ਜਗਮੋਹਨ ਕੌਰ, ਨਰਿੰਦਰ ਬੀਬਾ ਸਣੇ ਬਹੁਤ ਸਾਰੇ ਆਧੁਨਿਕ ਪੰਜਾਬੀ ਗਾਇਕਾਂ ਨੇ ਗਾਇਆ ਹੈ।

Spread the love