ਨਵੀਂ ਦਿੱਲੀ, 25 ਜਨਵਰੀ

ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਹੁਣ ਕੁੱਝ ਕਮੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕਰੋਨਾ ਵਾਇਰਸ ਦੇ 2.5 ਲੱਖ ਤੋਂ ਵੱਧ ਮਰੀਜ਼ ਸਾਹਮਣੇ ਆਏ ਹਨ। ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਅਜੇ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

ਫ਼ਿਲਹਾਲ, ਦੇਸ਼ ਵਿੱਚ ਕੋਵਿਡ ਦੀ ਲਾਗ ਦੀ ਦਰ 15.2 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ 22 ਲੱਖ ਤੋਂ ਵੱਧ ਕਰੋਨਾ ਐਕਟਿਵ ਮਾਮਲੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਦੇਸ਼ ‘ਚ ਕਰੋਨਾ ਦੇ 3.06 ਲੱਖ ਮਾਮਲੇ ਸਾਹਮਣੇ ਆਏ ਸਨ। ਯਾਨੀ ਅੱਜ 50,190 ਘੱਟ ਕਰੋਨਾ ਮਾਮਲੇ ਸਾਹਮਣੇ ਆਏ ਹਨ।

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕਰੋਨਾ ਵਾਇਰਸ ਦੇ 2,55,874 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 2,67,753 ਠੀਕ ਹੋ ਗਏ ਹਨ ਅਤੇ 614 ਲੋਕਾਂ ਦੀ ਮੌਤ ਕਰੋਨਾ ਕਾਰਨ ਹੋਈ ਹੈ। ਦੇਸ਼ ਵਿੱਚ ਹੁਣ ਤੱਕ 4,90,462 ਲੋਕਾਂ ਦੀ ਕਰੋਨਾ ਨਾਲ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 3,70,71,898 ਲੋਕਾਂ ਨੇ ਕਰੋਨਾ ਨੂੰ ਹਰਾਇਆ ਹੈ। ਦੇਸ਼ ਵਿੱਚ ਇਸ ਸਮੇਂ ਕਰੋਨਾ ਦੇ 22,36,842 (ਐਕਟਿਵ ਕੇਸ) ਮਰੀਜ਼ ਹਨ।

ਕਰੋਨਾ ਟੈਸਟਿੰਗ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ 16,49,108 ਕਰੋਨਾ ਟੈਸਟ ਕੀਤੇ ਗਏ ਹਨ। ਦੇਸ਼ ਵਿੱਚ ਹੁਣ ਤੱਕ 71.88 ਕਰੋੜ ਕਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਦੂਜੇ ਪਾਸੇ, ਜੇਕਰ ਅਸੀਂ ਕਰੋਨਾ ਟੀਕੇ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਹੁਣ ਤੱਕ 162.92 ਕਰੋੜ ਕੋਵਿਡ ਟੀਕੇ ਲਗਾਏ ਜਾ ਚੁੱਕੇ ਹਨ।

ਕਰੋਨਾ ਦੇ ਮਾਮਲੇ ਭਾਵੇਂ ਘੱਟ ਹੋਏ ਹੋਣ ਪਰ ਇਸ ਸਮੇਂ ਓਮੀਕਰੋਨ ਦੇ ਨਵੇਂ ਸਟ੍ਰੇਨ ਕਾਰਨ ਇੰਦੌਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇੱਥੇ 6 ਬੱਚਿਆਂ ਸਣੇ 12 ਮਰੀਜ਼ਾਂ ਵਿੱਚ ਇਸ ਦੀ ਪੁਸ਼ਟੀ ਹੋਈ ਹੈ। ਹੁਣ ਇੰਦੌਰ ਵਿੱਚ ਓਮੀਕਰੋਨ ਦੇ ਨਾਲ ਇਸਦੇ ਉਪ-ਰੂਪ BA.1 ਅਤੇ BA.2 ਦੇ ਮਾਮਲੇ ਸਾਹਮਣੇ ਆਏ ਹਨ। ਸ਼ਹਿਰ ਵਿੱਚ ਓਮੀਕਰੋਨ ਦੇ ਸਬ-ਵੇਰੀਐਂਟ BA.2 ਦੇ 12 ਮਰੀਜ਼ ਪਾਏ ਗਏ ਹਨ। ਉਨ੍ਹਾਂ ‘ਚ 6 ਬੱਚੇ ਵੀ ਹਨ। BA.2 ਸਟ੍ਰੇਨ ਬਹੁਤ ਤੇਜ਼ੀ ਨਾਲ ਫੈਲਦਾ ਹੈ। ਇਸ ਦੀ ਲਾਗ ਮਰੀਜ਼ ਦੇ ਫੇਫੜਿਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ। ਨਵੇਂ ਮਰੀਜ਼ਾਂ ਦੇ ਫੇਫੜਿਆਂ ਵਿੱਚ ਵੀ 5% ਤੋਂ 40% ਤੱਕ ਸੰਕਰਮਣ ਪਾਇਆ ਗਿਆ ਹੈ।

Spread the love