ਚੰਡੀਗੜ੍ਹ, 31 ਜਨਵਰੀ

ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋ. ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਪ੍ਰਕਿਰਿਆ ਨਾਲ ਕੋਈ ਸੰਬੰਧ ਨਾ ਹੋਣ ਦੇ ਕੀਤੇ ਦਾਅਵੇ ਤੇ ਬੋਲੇ ਹੋਰ ਝੂਠ ਨੁੰ ਬੇਨਕਾਬ ਕਰਦਿਆਂ ਸਜ਼ਾ ਸਮੀਖਿਆ ਬੋਰਡ ਦੇ ਮੈਂਬਰਾਂ ਅਤੇ ਪ੍ਰੋ. ਭੁੱਲਰ ਬਾਰੇ ਹੋਈ ਇਸਦੀ ਮੀਟਿੰਗ ਦੀ ਕਾਰਵਾਈ ਮੀਡੀਆ ਨੂੰ ਜਾਰੀ ਕਰ ਦਿੱਤੀ।

ਅੱਜ ਇਥੇ ਪਾਰਟੀ ਹੈਡਕੁਆਰਟਰ ’ਤੇ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਦੱਸਿਆ ਕਿ ਸ੍ਰੀ ਕੇਜਰੀਵਾਲ ਵਾਰ ਵਾਰ ਇਹ ਦਾਅਵਾ ਕਰ ਰਹੇ ਕਰ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹਨਾਂ ਦਾ ਪ੍ਰੋ. ਭੁੱਲਰ ਦੀ ਰਿਹਾਈ ਬਾਰੇ ਫੈਸਲਾ ਲੈਣ ਵਾਲੇ ਸਜ਼ਾ ਸਮੀਖਿਆ ਬੋਰਡ ਨਾਲ ਕੋਈ ਸੰਬੰਧ ਨਹੀਂ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਇਸ ਬੋਰਡ ਦਾ ਚੇਅਰਮੈਨ ਦਿੱਲੀ ਦਾ ਗ੍ਰਹਿ ਮੰਤਰੀ ਹੁੰਦਾ ਹੈ ਜੋ ਉਹਨਾਂ ਦੇ ਵਜ਼ਾਰਤੀ ਸਾਥੀ ਸਤੇਂਦਰ ਜੈਨ ਹਨ। ਉਹਨਾਂ ਦੱਸਿਆ ਕਿ ਬੋਰਡ ਦੇ ਕੁੱਲ 7 ਮੈਂਬਰ ਹਨ ਜਿਹਨਾਂ ਵਿਚੋਂ 5 ਦਾ ਸਿੱਧਾ ਸੰਬੰਧ ਸ੍ਰੀ ਕੇਜਰੀਵਾਲ ਨਾਲ ਹੈ। ਉਹਨਾਂ ਦੱਸਿਆ ਕਿ ਗ੍ਰਹਿ ਮੰਤਰੀ ਤੋਂ ਇਲਾਵਾ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਬੀ ਐਸ ਭੱਲਾ, ਦਿੱਲੀ ਸਰਕਾਰ ਦੇ ਡੀ ਜੀ ਪੀ ਜੇਲ੍ਹਾਂ ਸ੍ਰੀ ਸੰਦੀਪ ਗੋਇਲ, ਦਿੱਲੀ ਸਰਕਾਰ ਦੇ ਕਾਨੂੰਨ ਤੇ ਨਿਆਂ ਵਿਭਾਗ ਦੇ ਪ੍ਰਮੁੱਖ ਕੱਤਰ ਸ੍ਰੀ ਸੰਜੇ ਕੁਮਾਰ ਅਗਰਵਾਲ ਅਤੇ ਦਿੱਲੀ ਸਰਕਾਰ ਦੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਰਸ਼ਮੀ ਸਿੰਘ ਇਸਦੇ ਮੈਂਬਰ ਹਨ। ਇਹਨਾਂ ਤੋਂ ਇਲਾਵਾ ਬੋਰਡ ਦੇ ਦੋ ਹੋਰ ਮੈਂਬਰਾਂ ਵਿਚ ਦਿੱਲੀ ਦੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਸਤੀਸ਼ ਕੁਮਾਰ ਅਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਵੱਲੋਂ ਨਾਮਜ਼ਦ ਡੀ ਸੀ ਪੀ ਸ੍ਰੀ ਰਾਜੇਸ਼ ਦਿਓ ਇਸਦੇ ਮੈਂਬਰ ਹਨ।

ਬੈਂਸ ਨੇ ਦੱਸਿਆ ਕਿ ਇਸ ਬੋਰਡ ਦੀ 11 ਦਸੰਬਰ 2020 ਨੁੰ ਦਿੱਲੀ ਸਕੱਤਰੇਤ ਵਿਚ ਹੀ ਮੀਟਿੰਗ ਹੋਈ ਸੀ ਜਿਸ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਵਿਚਾਰਿਆ ਗਿਆ। ਉਹਨਾਂ ਨੇ ਇਸ ਮੀਟਿੰਗ ਦੀ ਕਾਰਵਾਈ ਮੀਡੀਆ ਨੁੰ ਜਾਰੀ ਕਰਦਿਆਂ ਦੱਸਿਆ ਕਿ ਕਿਵੇਂ ਬੋਰਡ ਨੇ ਪ੍ਰੋ. ਭੁੱਲਰ ਦੀ ਰਿਹਾਈ ਲਈ ਪ੍ਰਵਾਨਗੀ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹਾਲਾਂਕਿ ਮੀਟਿੰਗ ਵਿਚ ਇਹ ਵੀ ਚਰਚਾ ਹੋਈ ਕਿ ਇਸ ਮੀਟਿੰਗ ਤੱਕ ਪ੍ਰੋ. ਭੁੱਲਰ 23 ਸਾਲ 9 ਮਹੀਨੇ ਸਜ਼ਾ ਕੱਟ ਚੁੱਕੇ ਹਨ।

ਉਹਨਾਂ ਕਿਹਾ ਕਿ ਹੁਣ ਕੇਜਰੀਵਾਲ ਲੋਕਾਂ ਨੁੰ ਜਵਾਬ ਦੇਣ ਕਿ ਉਹ ਵਾਰ ਵਾਰ ਲੋਕਾਂ ਨੁੰ ਗੁੰਮਰਾਹ ਕਰਨ ਦਾ ਯਤਨ ਕਿਉਂ ਕਰ ਰਹੇ ਹਨ ਜਦੋਂ ਕਿ ਪ੍ਰੋ. ਭੁੱਲਰ ਦੀ ਰਿਹਾਈ ਦਾ ਫੈਸਲਾ ਲੈਣ ਵਾਲੇ ਬੋਰਡ ਦੇ ਚੇਅਰਮੈਨ ਸਮੇਤ 90 ਫੀਸਦੀ ਤੋਂ ਜ਼ਿਆਦਾ ਮੈਂਬਰ ਸ੍ਰੀ ਕੇਜਰੀਵਾਲ ਨਾਲ ਸਿੱਧੇ ਤੌਰ ’ਤੇ ਸੰਬੰਧ ਰੱਖਦੇ ਹਨ। ਉਹਨਾਂ ਕਿਹਾ ਕਿ ਪ੍ਰੋ. ਭੁੱਲਰ ਦੀ ਰਿਹਾਈ ਪੰਜਾਬੀਆਂ ਲਈ ਇਕ ਬੇਹੱਦ ਸੰਵੇਦਨਸ਼ੀਲ ਮਾਮਲਾ ਹੈ ਪਰ ਸ੍ਰੀ ਕੇਜਰੀਵਾਲ ਆਪਣੇ ਸੁਭਾਅ ਅਨੁਸਾਰ ਚਾਲਾਕੀ ਖੇਡਦਿਆਂ ਝੂਠ ਬੋਲ ਕੇ ਲੋਕਾਂ ਨੁੰ ਗੁੰਮਰਾਹ ਕਰਨ ’ਤੇ ਲੱਗੇ ਹੋਏ ਹਨ ਜੋ ਬੇਹੱਣ ਸ਼ਰਮਨਾਕ ਗੱਲ ਹੈ।

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ’ਤੇ ਹਮਲਾ ਬੋਲਦਿਆਂ ਬੈਂਸ ਨੇ ਕਿਹਾ ਕਿ ਸਿੱਧੂ ਨੇ ਆਪਣੀ ਤਾਕਤ ਵਰਤ ਕੇ ਰਾਤੋਂ ਰਾਤ ਮੁੱਖ ਮੰਤਰੀ ਬਦਲਵਾ ਦਿੱਤਾ ਤੇ ਅਸਤੀਫੇ ਦੀ ਧਮਕੀ ਦੇ ਕੇ ਡੀ ਜੀ ਪੀ ਤੇ ਐਡਵੋਕੇਟ ਜਨਰਲ ਵੀ ਬਦਲਾ ਦਿੱਤਾ ਪਰ ਜਦੋਂ ਅਧਿਆਪਕਾਂ ਨੂੰ ਰੈਗੂਲਰ ਕਰਵਾਉਣ ਦੀ ਵਾਰੀ ਆਈ ਜਾਂ ਲੋੜਵੰਦਾਂ ਦੀ ਮਦਦ ਕਰਨ ਦੀ ਵਾਰੀ ਆਈ ਤਾਂ ਸਿੱਧੂ ਚੁੱਪ ਹੋ ਕੇ ਗਏ ਤੇ ਇਹ ਆਖਣ ਲੱਗ ਪਏ ਕਿ ਉਹਨਾਂ ਕੋਲ ਤਾਕਤ ਨਹੀਂ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸ੍ਰੀ ਸਿੱਧੂ ਸਿਰਫ ਆਪਣੇ ਰਾਜਨੀਤਕ ਲਾਹੇ ਵਾਸਤੇ ਤਾਕਤ ਦੀ ਵਰਤੋਂ ਕਰਦੇ ਹਨ ਤੇ ਲੋਕਾਂ ਦੀ ਭਲਾਈ ਨਾਲ ਉਹਨਾਂ ਨੁੰ ਕੋਈ ਸਰੋਕਾਰ ਨਹੀਂ ਹੈ।

Spread the love