ਅੰਮ੍ਰਿਤਸਰ, 13 ਫਰਵਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਚੋਣ ਪ੍ਰਚਾਰ ਲਈ ਪੰਜਾਬ ਪਹੁੰਚੇ। ਲੁਧਿਆਣਾ ਦੇ ਇਤਿਹਾਸਕ ਦਰੇਸੀ ਮੈਦਾਨ ‘ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਸੀਐੱਮ ਚਰਨਜੀਤ ਚੰਨੀ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਚੰਨੀ ਸਾਹਬ ਪੰਜਾਬ ਵਿੱਚ ਮੁੜ ਕਾਂਗਰਸ ਦੀ ਸਰਕਾਰ ਬਣਾਉਣ ਦਾ ਸੁਪਨਾ ਦੇਖ ਰਹੇ ਹਨ। ਜਿਹੜਾ ਮੁੱਖ ਮੰਤਰੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸੁਰੱਖਿਅਤ ਰਸਤਾ ਨਹੀਂ ਦੇ ਸਕਦਾ, ਕੀ ਉਹ ਪੰਜਾਬ ਨੂੰ ਸੁਰੱਖਿਆ ਪ੍ਰਦਾਨ ਕਰ ਸਕਦਾ ਹੈ? ਚੰਨੀ ਜੀ ਤੁਹਾਨੂੰ ਇੱਥੇ ਇੱਕ ਸਕਿੰਟ ਲਈ ਵੀ ਰਾਜ ਕਰਨ ਦਾ ਅਧਿਕਾਰ ਨਹੀਂ ਹੈ। ਕੀ ਚੰਨੀ ਦੀ ਅਗਵਾਈ ‘ਚ ਪੰਜਾਬ ਸੁਰੱਖਿਅਤ ਹੋ ਸਕਦਾ ਹੈ? ਕੇਜਰੀਵਾਲ ਸਾਹਿਬ ਜੋ ਸਿਰਫ ਵੋਟਾਂ ਦੀ ਰਾਜਨੀਤੀ ਕਰਦੇ ਹਨ ਉਹਨਾਂ ਦਾ ਸੁਰੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਸ਼ਾਹ ਨੇ ਕਿਹਾ ਕਿ ਪੰਜਾਬ ਵਿੱਚ ਧਰਮ ਪਰਿਵਰਤਨ ਇੱਕ ਵੱਡੀ ਸਮੱਸਿਆ ਹੈ। ਚੰਨੀ ਸਾਹਿਬ ਧਰਮ ਪਰਿਵਰਤਨ ਨੂੰ ਨਹੀਂ ਰੋਕ ਸਕਦੇ, ਜੇਕਰ ਕੇਜਰੀਵਾਲ ਜੀ ਦੀ ਪਾਰਟੀ ਦਾ ਕੋਈ ਮੁੱਖ ਮੰਤਰੀ ਬਣ ਗਿਆ ਤਾਂ ਉਹ ਵੀ ਧਰਮ ਪਰਿਵਰਤਨ ਨਹੀਂ ਰੋਕ ਸਕਦਾ। ਜੇਕਰ ਭਾਜਪਾ ਦੀ ਸਰਕਾਰ ਆਈ ਤਾਂ ਧਰਮ ਪਰਿਵਰਤਨ ਕਰਨ ਵਾਲੇ ਪੰਜਾਬ ਤੋਂ ਬਾਹਰ ਨਜ਼ਰ ਆਉਣਗੇ।

ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਪੰਜਾਬ ਦੇ ਸੱਭਿਆਚਾਰ ਨੂੰ ਹਮੇਸ਼ਾ ਹੀ ਬਣਦਾ ਮਾਣ ਸਤਿਕਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ। 120 ਕਰੋੜ ਦੀ ਲਾਗਤ ਨਾਲ ਬਣੇ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਸ਼ਰਧਾਲੂਆਂ ਨੂੰ ਉੱਥੇ ਜਾਣ ਦੀ ਸਹੂਲਤ ਦਿੱਤੀ ਗਈ ਹੈ। ਪੀਐੱਮ ਮੋਦੀ ਦੀ ਅਗਵਾਈ ‘ਚ ਅਸੀਂ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਚਲਾਈ ਹੈ। ਭਾਰਤ ਸਰਕਾਰ ਨੇ 2020 ਅਤੇ 2021 ਵਿੱਚ ਇੰਨੇ ਨਸ਼ੇ ਫੜੇ ਹਨ, ਜੋ 10 ਸਾਲਾਂ ਵਿੱਚ ਵੀ ਨਹੀਂ ਫੜੇ ਗਏ। ਪੰਜਾਬ ਵਿੱਚ ਇੱਕ ਅਜਿਹੀ ਸਰਕਾਰ ਦੀ ਲੋੜ ਹੈ ਜੋ ਨਸ਼ਿਆਂ ਨੂੰ ਫੜਨ ਵਿੱਚ ਮੋਦੀ ਸਰਕਾਰ ਦਾ ਸਾਥ ਦੇਵੇ। ਪੰਜਾਬ ਦੇ ਹਰ ਘਰ ਦਾ ਪੁੱਤਰ ਫੌਜੀ ਸੇਵਾ ਵਿੱਚ ਹੈ। ਜਵਾਨ 40 ਸਾਲਾਂ ਤੋਂ ਵਨ ਰੈਂਕ-ਵਨ ਪੈਨਸ਼ਨ ਦੀ ਮੰਗ ਕਰ ਰਹੇ ਸਨ ਪਰ ਕਾਂਗਰਸ ਨੇ ਮਸਲਾ ਹੱਲ ਨਹੀਂ ਕੀਤਾ। ਮੋਦੀ ਸਰਕਾਰ ਨੇ ਵਨ ਰੈਂਕ-ਵਨ ਪੈਨਸ਼ਨ ਲਾਗੂ ਕੀਤੀ ਹੈ।

ਇਸ ਦੌਰਾਨ ਅਮਿਤ ਸ਼ਾਹ ਨੇ ਵਾਅਦਾ ਕੀਤਾ ਕਿ ਜੇਕਰ ਪੰਜਾਬ ‘ਚ ਸਰਕਾਰ ਬਣੀ ਤਾਂ ਅਸੀਂ ਸੂਬੇ ਦੇ ਚਾਰ ਸ਼ਹਿਰਾਂ ‘ਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸ਼ਾਖਾ ਦਫ਼ਤਰ ਸਥਾਪਿਤ ਕਰਾਂਗੇ। ਨਸ਼ਿਆਂ ਦੀ ਰੋਕਥਾਮ ਲਈ ਅਸੀਂ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਟਾਸਕ ਫੋਰਸ ਬਣਾਵਾਂਗੇ।

Spread the love