ਚੰਡੀਗੜ੍ਹ, 14 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ ਮੁੱਖ ਮੰਤਰੀ ਚਰਨਜੀਤ ਚੰਨੀ ਪੀਐਮ ਦੇ ਦੌਰੇ ਕਾਰਨ ਹੁਸ਼ਿਆਰਪੁਰ ਵਿੱਚ ਰਾਹੁਲ ਗਾਂਧੀ ਦੀ ਰੈਲੀ ਵਿੱਚ ਸ਼ਾਮਲ ਨਹੀਂ ਹੋ ਸਕੇ। ਸੀਐਮ ਚੰਨੀ ਦੇ ਹੈਲੀਕਾਪਟਰ ਨੂੰ ਉੱਡਣ ਦੀ ਇਜ਼ਾਜਤ ਨਹੀਂ ਦਿੱਤੀ ਗਈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਵਿੱਚ ਨੋ ਫਲਾਇੰਗ ਜ਼ੋਨ ਐਲਾਨਿਆ ਗਿਆ ਹੈ। ਚੰਨੀ ਨੇ ਚੰਡੀਗੜ੍ਹ ਤੋਂ ਹੁਸ਼ਿਆਰਪੁਰ ਜਾਣਾ ਸੀ। ਦੂਜੇ ਪਾਸੇ ਇਸ ਪੂਰੇ ਵਿਵਾਦ ‘ਤੇ ਚੰਨੀ ਨੇ ਕਿਹਾ ਕਿ ਸਿਆਸਤ ਕਾਰਨ ਉਨ੍ਹਾਂ ਦੇ ਹੈਲੀਕਾਪਟਰ ਨੂੰ ਉੱਡਣ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਲਈ ਨਾ ਜਾਣ ਦੇਣਾ ਠੀਕ ਨਹੀਂ ਹੈ।

ਇਸ ਮਾਮਲੇ ਵਿੱਚ ਸੁਨੀਲ ਜਾਖੜ ਨੇ ਹੁਸ਼ਿਆਰਪੁਰ ਰੈਲੀ ਵਿੱਚ ਸਟੇਜ ਤੋਂ ਕਿਹਾ ਕਿ ਸੀਐਮ ਨੇ ਇੱਥੇ ਆਉਣਾ ਸੀ ਪਰ ਸ਼ਰਮਨਾਕ ਗੱਲ ਹੈ ਕਿ ਉਨ੍ਹਾਂ ਦੀ ਇਜਾਜ਼ਤ ਰੱਦ ਕਰ ਦਿੱਤੀ ਗਈ। ਜੇਕਰ ਚੋਣ ਕਮਿਸ਼ਨ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਮੈਂ ਇਹ ਸਮਝਾਂਗਾ ਕਿ ਇਹ ਚੋਣ ਧੋਖਾ ਹੈ। ਕੁਝ ਦਿਨ ਪਹਿਲਾਂ ਪੀਐਮ ਨੇ ਕਿਹਾ ਸੀ ਕਿ ਜਦੋਂ ਉਹ ਪੰਜਾਬ ਆਏ ਤਾਂ ਉਨ੍ਹਾਂ ਨੂੰ ਫਿਰੋਜ਼ਪੁਰ ਨਹੀਂ ਜਾਣ ਦਿੱਤਾ ਗਿਆ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਅੱਜ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਹੁਸ਼ਿਆਰਪੁਰ ਆਉਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਇਸ ਬਾਰੇ ਕੁਝ ਚਾਨਣਾ ਪਾਓ।

ਤੁਹਾਨੂੰ ਦੱਸਦੇਈਏ ਕਿ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਫਿਰੋਜ਼ਪੁਰ ਦਾ ਦੌਰਾ ਕੀਤਾ ਸੀ। ਭਾਰੀ ਮੀਂਹ ਕਾਰਨ ਪ੍ਰਧਾਨ ਮੰਤਰੀ ਨੂੰ ਸੜਕੀ ਰਸਤੇ ਜਾਣਾ ਪਿਆ, ਪਰ ਇਸ ਦੌਰਾਨ ਪ੍ਰਦਰਸ਼ਨਕਾਰੀ ਹੁਸੈਨੀਵਾਲਾ ਤੋਂ 30 ਕਿਲੋਮੀਟਰ ਦੂਰ ਰਸਤੇ ਵਿੱਚ ਹੀ ਮਿਲ ਗਏ, ਜਿਸ ਕਾਰਨ ਉਨ੍ਹਾਂ ਦਾ ਕਾਫਲਾ ਕਰੀਬ 20 ਮਿੰਟ ਤੱਕ ਖੜ੍ਹਿਆ ਰਿਹਾ। ਪੀਐਮ ਮੋਦੀ ਦਾ ਕਾਫ਼ਲਾ ਜਿੱਥੇ ਰੁਕਿਆ ਸੀ, ਉਸ ਇਲਾਕੇ ਨੂੰ ਅੱਤਵਾਦੀਆਂ ਤੋਂ ਇਲਾਵਾ ਹੈਰੋਇਨ ਸਮੱਗਲਰਾਂ ਦਾ ਗੜ੍ਹ ਮੰਨਿਆ ਜਾਂਦਾ ਹੈ। ਪਿਛਲੇ ਸਾਲ ਸਤੰਬਰ ‘ਚ ਵੀ ਇਸੇ ਇਲਾਕੇ ‘ਚ ਅੱਤਵਾਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ।

Spread the love