ਨਵੀਂ ਦਿੱਲੀ, 16 ਫਰਵਰੀ

ਪੰਜਾਬੀ ਫਿਲਮਾਂ ਦੇ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।

ਦੀਪ ਸਿੱਧੂ ਆਪਣੀ ਦੋਸਤ ਨਾਲ ਦਿੱਲੀ ਤੋਂ ਪੰਜਾਬ ਵਾਪਸ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।

ਇਹ ਹਾਦਸਾ ਕੁੰਡਲੀ ਸਰਹੱਦ ਨੇੜੇ ਵਾਪਰਿਆ। ਦੀਪ ਆਪਣੀ ਸਕਾਰਪੀਓ ਕਾਰ ਵਿੱਚ ਜਾ ਰਹੇ ਸੀ ਕਿ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਪੁਲਿਸ ਮੁਤਾਬਕ ਇਹ ਹਾਦਸਾ ਕੇਐਮਪੀ ਦੇ ਪਿਪਲੀ ਟੋਲ ਪਲਾਜ਼ਾ ਨੇੜੇ ਵਾਪਰਿਆ।

ਦੀਪ ਕਿਸਾਨ ਲਹਿਰ ਦੌਰਾਨ ਬਹੁਤ ਮਸ਼ਹੂਰ ਹੋ ਗਿਆ ਸੀ । ਉਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਆਪਣਾ ਹਿੱਸਾ ਪਾਇਆ ਸੀ। ਦੀਪ ਸਿੱਧੂ ਦਿੱਲੀ ਦੇ ਲਾਲ ਕਿਲ੍ਹੇ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਵੀ ਮੁਲਜ਼ਮ ਸੀ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਸੋਗ ਦੀ ਲਹਿਰ ਹੈ।

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਗੱਡੀ ‘ਚ ਇਕ ਔਰਤ ਵੀ ਸਵਾਰ ਸੀ ਜੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਨੇੜੇ ਵਾਪਰੀ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਖਰਖੌਦਾ ਦੇ ਸਰਕਾਰੀ ਹਸਪਤਾਲ ਵਿਖੇ ਰਖਵਾਇਆ ਗਿਆ ਹੈ।

Spread the love