ਯੂਨਾਨੀ ਟਾਪੂ ਕੋਰਫੂ ਨੇੜੇ ਸਮੁੰਦਰ ਵਿਚ ਇਕ ਕਿਸ਼ਤੀ ’ਚ ਅੱਗ ਲੱਗ ਗਈ। ਬਚਾਅ ਦਲ ਦੇ ਮੈਂਬਰਾਂ ਨੇ ਸਾਰੀ ਰਾਤ ਚਲਾਈ ਗਈ ਬਚਾਅ ਮੁਹਿੰਮ ਵਿੱਚ 280 ਤੋਂ ਵੱਧ ਲੋਕਾਂ ਨੂੰ ਬਚਾਅ ਲਿਆ।

ਮੁੱਢਲੇ ਤੌਰ ’ਤੇ ਕਿਸੇ ਦੇ ਲਾਪਤਾ ਹੋਣ ਦੀ ਕੋਈ ਖ਼ਬਰ ਨਹੀਂ ਸੀ, ਪਰ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਪੂਰੀ ਸੂਚੀ ਦੀ ਪੜਤਾਲ ਕਰਨ ਵਿੱਚ ਕਈ ਘੰਟੇ ਲੱਗਣ ਦੀ ਸੰਭਾਵਨਾ ਹੈ।

ਕਿਸ਼ਤੀ ਵਿਚ 239 ਯਾਤਰੀ ਅਤੇ ਕਿਸ਼ਤੀ ਚਾਲਕ ਦਲ ਦੇ 51 ਮੈਂਬਰ ਸਵਾਰ ਸਨ।

ਯੂਨਾਨੀ ਤੱਟ ਰੱਖਿਅਕਾਂ ਨੇ ਦੱਸਿਆ ਕਿ ਇਸ ਘਟਨਾ ਵਿਚ ਕਿਸ਼ਤੀ ਚਾਲਕ ਦਲ ਦਾ ਇਕ ਮੈਂਬਰ ਅਤੇ ਦੋ ਯਾਤਰੀਆਂ ਨੂੰ ਸਾਹ ਵਿਚ ਤਕਲੀਫ ਹੋਣ ਕਾਰਨ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ।

ਤੱਟ ਰੱਖਿਅਕ ਬਲ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਬਚਾਅ ਮੁਹਿੰਮ ਵਿਚ ਯੂਨਾਨ ਤੱਟ ਰੱਖਿਅਕਾਂ ਅਤੇ ਜਲ ਸੈਨਾ ਦੀਆਂ ਛੇ ਕਿਸ਼ਤੀਆਂ, ਚਾਰ ਹੈਲੀਕਾਪਟਰਾਂ, ਇਕ ਇਤਾਲਵੀ ਆਬਕਾਰੀ ਨਿਰੀਖਣ ਕਿਸ਼ਤੀ ਅਤੇ ਕਈ ਸਮੁੰਦਰੀ ਬੇੜਿਆਂ ਦਾ ਇਸਤੇਮਾਲ ਕੀਤਾ ਗਿਆ।

ਬਚਾਏ ਗਏ ਯਾਤਰੀਆਂ ਦੀ ਕੋਰਫੂ ਪਹੁੰਚਣ ’ਤੇ ਮੁੱਢਲੀ ਸਿਹਤ ਜਾਂਚ ਕੀਤੀ ਗਈ।

Spread the love