ਚੰਡੀਗੜ, 19 ਫਰਵਰੀ, 2022

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ ਨੇ ਪੰਜਾਬ ਵਾਸੀਆਂ ਨੂੰ ਚੰਗੇ ਸਕੂਲਾਂ ਤੇ ਹਸਪਤਾਲਾਂ ਲਈ, ਡਰੱਗ ਤੇ ਭ੍ਰਿਸ਼ਟਾਚਾਰ ਤੋਂ ਮੁਕਤੀ ਲਈ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਉਨਾਂ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਦੇ ਗੁੱਡ ਗਵਰਨਿਸ ਮਾਡਲ ਦੇ ਵਿਰੋਧ ‘ਚ ਰਿਵਾਇਤੀ ਸਿਆਸੀ ਪਾਰਟੀਆਂ ਇੱਕਠੀਆਂ ਹੋ ਗਈਆਂ ਹਨ, ਜਿਨਾਂ ਨੂੰ ਪੰਜਾਬ ਦੇ 3 ਕਰੋੜ ਲੋਕ ਵੋਟਾਂ ਪਾ ਕੇ ਜਾਵਬ ਦੇਣਗੇ।

ਸ਼ਨੀਵਾਰ ਨੂੰ ਪਾਰਟੀ ਮੁੱਖ ਦਫਤਰ ਤੋਂ ਬਿਆਨ ਜਾਰੀ ਕਰਦਿਆਂ ਰਾਘਵ ਚੱਢਾ ਨੇ ਕਿਹਾ, ”ਪੰਜਾਬ ‘ਚ ਵਿਧਾਨ ਸਭਾ ਚੋਣਾ ਲਈ 20 ਫਰਵਰੀ ਨੂੰ ਵੋਟਾਂ ਪਾਈਆਂ ਜਾਣੀਆਂ ਹਨ। ਸੂਬੇ ‘ਚ ਆਮ ਆਦਮੀ ਪਾਰਟੀ ਨੇ ਮੁੱਦਿਆਂ ‘ਤੇ ਅਧਾਰਤ ਹਾਂ- ਪੱਖੀ ਅਤੇ ਉਸਾਰੂ ਚੋਣ ਮੁਹਿੰਮ ਕੀਤੀ ਹੈ। ਲੋਕਾਂ ਨੇ ਗਲੀ, ਮੁਹੱਲਿਆਂ ਵਿੱਚ ਫੁੱਲ ਬਰਸਾ ਆਪਣਾ ਪਿਆਰ ਅਤੇ ਸਮਰਥਨ ਦਿੱਤਾ ਹੈ, ਪਰ ਦੂਜੇ ਪਾਸੇ ਰਿਵਾਇਤੀ ਸਿਆਸੀ ਪਾਰਟੀਆਂ ਅਤੇ ਆਗੂਆਂ ਨੇ ‘ਆਪ’ ਅਤੇ ਕੇਜਰੀਵਾਲ ਨੂੰ ਵੱਡੀਆਂ -ਵੱਡੀਆਂ ਗਾਲਾਂ ਦਿੱਤੀਆਂ ਹਨ। ਸਾਰੀਆਂ ਵਿਰੋਧੀਆਂ ਪਾਰਟੀਆਂ ਇੱਕਠੀਆਂ ਹੋ ਗਈਆਂ ਅਤੇ ਹੁਣ ਇਹ ਲੜਾਈ ਭ੍ਰਿਸ਼ਟ ਤਾਕਤਾਂ ਅਤੇ ਲੋਕਾਂ ਵਿੱਚਕਾਰ ਹੋ ਗਈ ਹੈ।”

ਚੱਢਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਡਰ ਹੈ ਕਿ ਜੇਕਰ ਇੱਕ ਵਾਰੀ ਕੇਜਰੀਵਾਲ ਦਾ ਗਵਰਨਿਸ ਮਾਡਲ ਸਾਡੇ ਪੰਜਾਬ ਨੇ ਦੇਖ ਲਿਆ ਤਾਂ ਉਸ ਤੋਂ ਬਾਅਦ ਰਿਵਾਇਤੀ ਪਾਰਟੀਆਂ ਦੀਆਂ ਦੁਕਾਨਾਂ ਹਮੇਸ਼ਾਂ ਲਈ ਬੰਦ ਹੋ ਜਾਣਗੀਆਂ। ਇਨਾਂ ਦਾ ਮਕਸਦ ਇਮਾਨਦਾਰ ਲੋਕਾਂ ਨੂੰ ਸੱਤਾ ‘ਚ ਆਉਣ ਤੋਂ ਰੋਕਣਾ ਹੈ। ਉਨਾਂ ਕਿਹਾ ਕਿ ਜਿਸ ਤਰਾਂ ਇਹ ਭ੍ਰਿਸ਼ਟ ਲੋਕ ਇੱਕਠੇ ਹੋ ਗਏ ਹਨ, ਉਸੇ ਤਰਾਂ ਬਦਲਾਅ ਲਈ 3 ਕਰੋੜ ਪੰਜਾਬੀ ਇੱਕਠੇ ਹੋਣਗੇ।

ਰਾਘਵ ਚੱਢਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ, ”ਵੋਟਾਂ ਵਾਲੇ ਦਿਨ ਪੰਜਾਬ ਦੇ ਲੋਕ ਆਪਣੇ ਬੱਚਿਆਂ ਦੇ ਭਵਿੱਖ, ਪੰਜਾਬ ਦੀ ਖੁਸ਼ਹਾਲੀ, ਵਧੀਆ ਸਿੱਖਿਆ ਅਤੇ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਸਮੇਤ ਭ੍ਰਿਸ਼ਟਾਚਾਰ ਤੇ ਚਿੱਟਾ ਮੁਕਤ ਸੂਬੇ ਲਈ, ਅਮਨ- ਸ਼ਾਂਤੀ ਲਈ ਵੋਟਾਂ ਜ਼ਰੂਰ ਪਾਉਣ, ਤਾਂ ਜੋ ਪੰਜਾਬ ਹਸਦਾ- ਵਸਦਾ ਰਹੇ।”

Spread the love