ਚੰਡੀਗੜ੍ਹ , 23 ਫਰਵਰੀ

36 ਘੰਟਿਆਂ ਤੋਂ ਬਿਜਲੀ ਸੰਕਟ ਦੀ ਮਾਰ ਝੱਲ ਰਹੀ ਰਾਜਧਾਨੀ ਚੰਡੀਗੜ ਨੂੰ ਰਾਹਤ ਮਿਲ ਗਈ ਹੈ। ਇਸ ਮਾਮਲੇ ਦੀ ਅੱਜ ਪੰਜਾਬ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ।

ਬਿਜਲੀ ਮੁਲਾਜ਼ਮਾਂ ਦੀ ਹੜਤਾਲ ‘ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਹਾਈਕੋਰਟ ਨੂੰ ਦੱਸਿਆ ਕਿ ਰਾਤ 10 ਵਜੇ ਤੱਕ ਪੂਰੇ ਸ਼ਹਿਰ ‘ਚ ਬਿਜਲੀ ਬਹਾਲ ਕਰ ਦਿੱਤੀ ਜਾਵੇਗੀ। ਹੁਣ ਤੱਕ 80 ਫੀਸਦੀ ਬਿਜਲੀ ਬਹਾਲ ਹੋ ਚੁੱਕੀ ਹੈ। ਇਸ ਦੇ ਨਾਲ ਹੀ ਹਾਈਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਇਹ ਮਾਮਲਾ ਸਰਾਸਰ ਮਾਣਹਾਨੀ ਹੈ, ਜਦੋਂ ਇਹ ਮਾਮਲਾ ਹਾਈਕੋਰਟ ‘ਚ ਵਿਚਾਰ ਅਧੀਨ ਹੈ ਤਾਂ ਇਸ ਤਰ੍ਹਾਂ ਹੜਤਾਲ ‘ਤੇ ਜਾਣਾ ਸਰਾਸਰ ਗਲਤ ਹੈ।

ਹਾਈਕੋਰਟ ਨੇ ਮਾਮਲੇ ਦੀ ਸੁਣਵਾਈ ਵੀਰਵਾਰ ਤੱਕ ਮੁਲਤਵੀ ਕਰ ਦਿੱਤੀ ਹੈ ਕਿ ਪਹਿਲਾਂ ਪੂਰੇ ਸ਼ਹਿਰ ਦੀ ਬਿਜਲੀ ਬਹਾਲ ਕੀਤੀ ਜਾਵੇ, ਅਗਲੇ ਹੁਕਮ ਭਲਕੇ ਦਿੱਤੇ ਜਾਣਗੇ। ਤੁਹਾਨੂੰ ਦੱਸ ਦੇਈਏ ਕਿ ਸ਼ਹਿਰ ਵਾਸੀਆਂ ਨੂੰ ਬਿਜਲੀ ਨਾ ਆਉਣ ਦੇ ਕਾਰਨ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਨਾ ਆਉਣ ਕਾਰਨ ਪਾਣੀ ਦੀ ਵੀ ਸਮੱਸਿਆ ਹੋ ਗਈ ਹੈ। ਸ਼ਹਿਰ ਅੰਦਰ ਰਾਤ ਭਰ ਸਟ੍ਰੀਟ ਲਾਈਟਾਂ ਵੀ ਬੰਦ ਰਹੀਆਂ ਅਤੇ ਟ੍ਰੈਫਿਕ ਲਾਈਟਾਂ ਬੰਦ ਹੋਣ ਕਾਰਨ ਟ੍ਰੈਫਿਕ ਵਿਵਸਥਾ ਵੀ ਬੇਹਾਲ ਹੋ ਗਈ ਹੈ।

ਇਸ ਮਾਮਲੇ ‘ਚ ਹਾਈਕੋਰਟ ਵੱਲੋਂ ਸ਼ਹਿਰ ਦੇ ਚੀਫ਼ ਇੰਜੀਨੀਅਰ ਨੂੰ ਤਲਬ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ। ਹਾਈਕੋਰਟ ਨੇ ਆਪਣੇ ਹੁਕਮਾਂ ‘ਚ ਕਿਹਾ ਕਿ ਬਿਜਲੀ ਦੀ ਸਮੱਸਿਆ ਕਾਰਨ ਸਿਰਫ ਆਮ ਆਦਮੀ ਹੀ ਨਹੀਂ, ਸਗੋਂ ਬੇਹੱਦ ਅਹਿਮ ਸੰਸਥਾਵਾਂ ਜਿਵੇਂ ਹਸਪਤਾਲ ਆਦਿ ਵੀ ਪ੍ਰਭਾਵਿਤ ਹੋ ਰਹੇ ਹਨ। ਹਸਪਤਾਲਾਂ ‘ਚ ਮਰੀਜ਼ ਬੇਹੱਦ ਨਾਜ਼ੁਕ ਹਾਲਤ ‘ਚ ਵੈਂਟੀਲੇਟਰ ‘ਤੇ ਹਨ। ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਪ੍ਰਭਾਵਿਤ ਹੋ ਰਹੀਆਂ ਹਨ।

Spread the love