ਨਵੀਂ ਦਿੱਲੀ, 26 ਫਰਵਰੀ: ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸ਼ਨੀਵਾਰ 26 ਫਰਵਰੀ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਦੇਸ਼ ਭਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਬਦਲਾਅ ਨੂੰ ਅੱਜ 115 ਦਿਨ ਹੋ ਗਏ ਹਨ। ਜੀ ਹਾਂ, ਦੇਸ਼ ਭਰ ਵਿੱਚ 115 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਨਾ ਤਾਂ ਕੋਈ ਵਾਧਾ ਹੋਇਆ ਹੈ ਅਤੇ ਨਾ ਹੀ ਕੋਈ ਕਮੀ ਹੋਈ ਹੈ।

ਦੂਜੇ ਪਾਸੇ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਦਾ ਸਿਲਸਿਲਾ ਜਾਰੀ ਹੈ। ਲਗਾਤਾਰ ਕਈ ਦਿਨਾਂ ਦੇ ਵਾਧੇ ਤੋਂ ਬਾਅਦ ਅੱਜ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅੱਜ ਕੱਚੇ ਤੇਲ ਦੀਆਂ ਕੀਮਤਾਂ 98 ਡਾਲਰ ਤੋਂ ਹੇਠਾਂ ਆ ਗਈਆਂ ਹਨ, ਜਦਕਿ ਸ਼ੁੱਕਰਵਾਰ ਨੂੰ ਇਸ ਦੀਆਂ ਕੀਮਤਾਂ 101 ਡਾਲਰ ਤੋਂ ਉੱਪਰ ਪਹੁੰਚ ਗਈਆਂ ਸਨ। ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ 26 ਫਰਵਰੀ ਨੂੰ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਜਿਸ ਕੱਚੇ ਤੇਲ ਦੀ ਕੀਮਤ 101.12 ਡਾਲਰ ਪ੍ਰਤੀ ਬੈਰਲ ਸੀ, ਅੱਜ ਉਸ ਕੱਚੇ ਤੇਲ ਦੀ ਕੀਮਤ 97.93 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਸ਼ਨੀਵਾਰ ਨੂੰ WTI ਕਰੂਡ ਦੀਆਂ ਕੀਮਤਾਂ 1.31 ਫੀਸਦੀ ਡਿੱਗ ਕੇ 91.59 ਡਾਲਰ ‘ਤੇ ਆ ਗਈਆਂ, ਜੋ ਸ਼ੁੱਕਰਵਾਰ ਨੂੰ 94.92 ਡਾਲਰ ਸੀ। ਇਸ ਦੇ ਨਾਲ ਹੀ ਬ੍ਰੈਂਟ ਕਰੂਡ ਦੀ ਕੀਮਤ ਵੀ ਅੱਜ 1.16 ਫੀਸਦੀ ਡਿੱਗ ਕੇ 97.93 ਡਾਲਰ ‘ਤੇ ਆ ਗਈ ਹੈ, ਜੋ ਸ਼ੁੱਕਰਵਾਰ ਨੂੰ 101.12 ਡਾਲਰ ‘ਤੇ ਪਹੁੰਚ ਗਈ ਸੀ।

Spread the love