ਨਵੀਂ ਦਿੱਲੀ , 02 ਮਾਰਚ

ਯੂਕਰੇਨ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ ਹੋਣ ਦੀ ਖ਼ਬਰ ਹੈ । ਦੱਸਿਆ ਜਾ ਰਿਹਾ ਹੈ ਕਿ ਯੂਕਰੇਨ ‘ਚ ਪੜ੍ਹਦੇ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਇੱਕ ਵਿਦਿਆਰਥੀ ਦੀ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਚੰਦਨ ਜਿੰਦਲ 4 ਸਾਲਾਂ ਤੋਂ ਐਮਬੀਬੀਐਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਦੇ ਵਿਨੀਸ਼ੀਆ ਸੂਬੇ ਵਿੱਚ ਗਿਆ ਸੀ।

ਜਿੱਥੇ 2 ਫਰਵਰੀ ਨੂੰ ਚੰਦਨ ਜਿੰਦਲ ਗੰਭੀਰ ਰੂਪ ਵਿਚ ਬਿਮਾਰ ਹੋ ਗਿਆ ਸੀ ਅਤੇ ਉਸ ਦੇ ਦਿਮਾਗ ‘ਚ ਖੂਨ ਜਮ ਗਿਆ ਸੀ ਅਤੇ ਉਸ ਨੂੰ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਸੀ। ਭਾਰਤ ਵਿੱਚ ਰਹਿ ਰਹੇ ਪਰਿਵਾਰ ਦੀ ਇਜਾਜ਼ਤ ਨਾਲ ਚੰਦਨ ਦਾ ਆਪ੍ਰੇਸ਼ਨ ਵੀ ਕੀਤਾ ਗਿਆ ਸੀ।

ਜਿਸ ਤੋਂ ਬਾਅਦ ਚੰਦਨ ਦੀ ਸੰਭਾਲ ਲਈ ਉਸਦੇ ਪਿਤਾ ਸ਼ਿਸ਼ਨ ਕੁਮਾਰ ਅਤੇ ਤਾਇਆ ਕ੍ਰਿਸ਼ਨ ਕੁਮਾਰ 7 ਫਰਵਰੀ ਨੂੰ ਯੂਕਰੇਨ ਚਲੇ ਗਏ ਸੀ। ਜਿਸ ਦੌਰਾਨ ਰੂਸ ਅਤੇ ਯੂਕਰੇਨ ਵਿਚਾਲੇ ਲੜਾਈ ਲੱਗ ਗਈ।

ਰਿਪੋਰਟਾਂ ਦੇ ਅਨੁਸਾਰ, ਜਿੰਦਲ ਨੂੰ ਇਸਕੇਮਿਕ ਸਟ੍ਰੋਕ ਤੋਂ ਬਾਅਦ ਐਮਰਜੈਂਸੀ ਹਸਪਤਾਲ ਵਿਨਿਤਸੀਆ ਦਾਖਲ ਕਰਵਾਇਆ ਗਿਆ ਸੀ। ਅੱਜ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦੇ ਪਿਤਾ ਨੇ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਹੈ ਕਿ ਉਸ ਦੀ ਲਾਸ਼ ਵਾਪਸ ਲਿਆਉਣ ਲਈ ਪ੍ਰਬੰਧ ਕੀਤੇ ਜਾਣ।

Spread the love