ਨਵੀਂ ਦਿੱਲੀ/ ਚੰਡੀਗੜ, 2 ਮਾਰਚ : ਭਾਜਪਾ ਦੇ ਸਿੱਖ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਸਿੱਖ ਸੰਗਤ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਸਤੇ ਅਦਾਲਤ ਤੱਕ ਪਹੁੰਚ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।

ਅੱਜ ਇਥੇ ਸਜ਼ਾ ਸਮੀਖਿਆ ਬੋਰਡ ਵੱਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਜ਼ਾ ਮੁਆਫੀ ਦਾ ਫੈਸਲਾ ਅਗਲੀ ਮੀਟਿੰਗ ‘ਤੇ ਪਾਉਣ ਸਬੰਧੀ ਮੀਡੀਆ ਰਿਪੋਰਟਾਂ ‘ਤੇ ਪ੍ਰਤੀਕਰਮ ਦਿੰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲਾ ਫੈਸਲਾ ਹੈ। ਉਹਨਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਹੁਤ ਸਮਾਂ ਪਹਿਲਾਂ ਹੋ ਜਾਣੀ ਚਾਹੀਦੀ ਸੀ ਪਰ ਜੋ ਰਵੱਈਆ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨੇ ਪ੍ਰੋ. ਭੁੱਲਰ ਦੀ ਸਜ਼ਾ ਬਾਰੇ ਅਪਣਾਇਆ, ਉਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ।

ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਇਹ ਫੈਸਲਾ ਕੀਤਾ ਸੀ ਕਿ ਸਿੱਖ ਕੈਦੀ ਰਿਹਾਅ ਕੀਤੇ ਜਾਣਗੇ ਪਰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਇਸ ਫੈਸਲੇ ‘ਤੇ ਫੁੱਲ ਨਹੀਂ ਚੜ੍ਹਾਏ।

ਸਿਰਸਾ ਨੇ ਕਿਹਾ ਕਿ ਭਾਵੇਂ ਕੇਜਰੀਵਾਲ ਸਰਕਾਰ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਦੇ ਕਾਰਨ ਪ੍ਰੋ. ਭੁੱਲਰ ਨੁੰ ਰਿਹਾਅ ਨਾ ਕਰਨ ਦਾ ਫੈਸਲਾ ਲਿਆ ਹੈ ਤੇ ਇਸਦਾ ਫੈਸਲਾ ਅਗਲੀ ਮੀਟਿੰਗ ‘ਤੇ ਛੱਡ ਦਿੱਤਾ ਹੈ ਪਰ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਲੋੜ ਅਨੁਸਾਰ ਸਬੰਧਤ ਅਦਾਲਤ ਤੱਕ ਪਹੁੰਚ ਕਰਾਂਗੇ ਤੇ ਪ੍ਰੋੋ. ਭੁੱਲਰ ਦੀ ਰਿਹਾਈ ਯਕੀਨੀ ਬਣਾਵਾਂਗੇੇ। ਉਹਨਾਂ ਕਿਹਾ ਕਿ ਪ੍ਰੋ. ਭੁੱਲਰ ਦੀ ਰਿਹਾਈ ਲਈ ਫੈਸਲਾ ਟਾਲਣ ਨੇ ਇਕ ਵਾਰ ਫਿਰ ਤੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਦੇ ਖਾਲਸਾ ਪੰਥ ਦੇ ਵਿਰੋਧੀ ਹੋਣ ਦੀ ਤਸਦੀਕ ਕੀਤੀ ਹੈ।

ਸਰਦਾਰ ਸਿਰਸਾ ਨੇ ਕਿਹਾ ਕਿ ਅਸੀਂ ਪ੍ਰੋ. ਭੁੱਲਰ ਦੀ ਰਿਹਾਈ ਯਕੀਨੀ ਬਣਾਉਣ ਵਾਸਤੇ ਵਚਨਬੱਧ ਹਾਂ ਤੇ ਇਸ ਵਾਸਤੇ ਅਸੀਂ ਕਾਨੁੰਨ ਮੁਤਾਬਕ ਅਗਲੇਰੀ ਕਾਰਵਾਈ ਕਰਾਂਗੇ ਤੇ ਸਬੰਧਤ ਅਦਾਲਤ ਤੱਕ ਪਹੁੰਚ ਕਰ ਕੇ ਕੇਸ ਦੇ ਤੱਥ ਪੇਸ਼ ਕਰ ਕੇ ਪ੍ਰੋ. ਭੁੱਲਰ ਨੁੰ ਤੁਰੰਤ ਰਿਹਾਅ ਕਰਨ ਦੀ ਅਪੀਲ ਕਰਾਂਗੇ।

Spread the love