ਰੂਸ ਯੂਕਰੇਨ ‘ਚ ਸ਼ੁਰੂ ਹੋਈ ਜੰਗ ਹੋਰ ਖਤਰਨਾਕ ਹੁੰਦੀ ਜਾ ਰਹੀ ਹੈ।ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ‘ਚ ਕਬਜ਼ਾ ਕਰ ਲਿਆ ਹੈ।

ਰੂਸੀ ਫੌਜ ਨੇ ਖਾਰਕੀਵ ’ਤੇ ਮੁੜ ਬੰਬਾਰੀ ਕਰਦਿਆਂ ਰਣਨੀਤਕ ਪੱਖੋਂ ਅਹਿਮ ਬੰਦਰਗਾਹੀ ਸ਼ਹਿਰ ਖੇਰਸਾਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਜਦੋਂਕਿ ਯੂਕਰੇਨ ਨੂੰ ਉਸ ਦੀ ਸਾਹਿਲੀ ਰੇਖਾ ਨਾਲੋਂ ਤੋੜਨ ਲਈ ਆਜ਼ੋਵ ਸਾਗਰ ਕੰਢੇ ਵਸੇ ਵੱਡੇ ਸ਼ਹਿਰ ਮਾਰੀਓਪੋਲ ਦੀ ਘੇਰਾਬੰਦੀ ਲਈ ਕੋਸ਼ਿਸ਼ਾਂ ਜਾਰੀ ਹਨ।

ਰੂਸੀ ਫੌਜ ਨੇ ਕਿਹਾ ਉਸ ਨੇ ਸਾਹਿਲੀ ਸ਼ਹਿਰ ਖੇਰਸਾਨ ’ਤੇ ਕਬਜ਼ਾ ਕਰ ਲਿਆ ਹੈ।

ਸਥਾਨਕ ਯੂਕਰੇਨੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਰੂਸੀ ਸਲਾਮਤੀ ਦਸਤਿਆਂ ਨੇ ਕਾਲਾ ਸਾਗਰ ਬੰਦਰਗਾਹ ’ਤੇ ਮੁਕਾਮੀ ਸਰਕਾਰੀ ਹੈੱਡਕੁਆਰਟਰਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ।

ਉਧਰ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਯੂਕਰੇਨ ਨਾਲ ਗੱਲਬਾਤ ਦੀ ਵਕਾਲਤ ਕਰਦਿਆਂ ਕਿਹਾ, ‘‘ਅਸੀਂ ਗੱਲਬਾਤ ਲਈ ਤਿਆਰ ਹਾਂ, ਪਰ ਅਸੀਂ ਫ਼ੌਜੀ (ਆਪਰੇਸ਼ਨ) ਕਾਰਵਾਈ ਵੀ ਜਾਰੀ ਰੱਖਾਂਗੇ ਕਿਉਂਕਿ ਅਸੀਂ ਰੂਸ ਨੂੰ ਧਮਕਾਉਣ ਵਾਲੇ ਯੂਕਰੇਨ ਦੇ ਫੌਜੀ ਢਾਂਚੇ ਨੂੰ ਕਾਇਮ ਰੱਖਣ ਦੀ ਇਜਾਜ਼ਤ ਨਹੀਂ ਦੇ ਸਕਦੇ।’’

ਲੈਵਰੋਵ ਨੇ ਕਿਹਾ ਕਿ ਪੱਛਮੀ ਮੁਲਕਾਂ ਵੱਲੋਂ ਯੂਕਰੇਨ ਨੂੰ ਲਗਾਤਾਰ ਹਥਿਆਰ ਮੁਹੱਈਆ ਕੀਤੇ ਜਾ ਰਹੇ ਹਨ।

ਇਹੀ ਨਹੀਂ ਯੂਕਰੇਨੀ ਫੌਜਾਂ ਨੂੰ ਸਿਖਲਾਈ ਦੇਣ ਤੋਂ ਇਲਾਵਾ ਫੌਜੀ ਅੱਡੇ ਬਣਾਏ ਜਾ ਰਹੇ ਹਨ ਤਾਂ ਕਿ ਉਸ ਨੂੰ ਰੂਸ ਖਿਲਾਫ਼ ਕਿਲ੍ਹੇ ਵਾਂਗ ਵਰਤਿਆ ਜਾ ਸਕੇ। ਲੈਵਰੋਵ ਨੇ ਕਿਹਾ ਕਿ ਮਾਸਕੋ ਯੂਕਰੇਨੀਆਂ ਨੂੰ ਉਨ੍ਹਾਂ ਦੀ ਮਰਜ਼ੀ ਦੀ ਸਰਕਾਰ ਚੁਣਨ ਦੀ ਖੁੱਲ੍ਹ ਦੇਵੇਗਾ।

Spread the love