4 ਮਾਰਚ 2022

ਯੂਕਰੇਨ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ ਉੱਥੇ ਫਸੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਦੀ ਵਾਪਸੀ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਹੈ। ਯੂਕਰੇਨ ਤੋਂ ਭਾਰਤੀ ਨਾਗਰਿਕਾਂ ਦੀ ਛੇਤੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਇਸ ਮਿਸ਼ਨ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਆਉਣ ਵਾਲੇ ਕੁਝ ਦਿਨਾਂ ‘ਚ ਇਸ ਮਿਸ਼ਨ ਤਹਿਤ 80 ਫਲਾਈਟਾਂ ਯੂਕਰੇਨ ਲਈ ਭੇਜੀਆਂ ਜਾਣਗੀਆਂ, ਜਿਸ ਨਾਲ ਵੱਡੀ ਗਿਣਤੀ ‘ਚ ਭਾਰਤੀ ਜਲਦੀ ਹੀ ਵਤਨ ਪਰਤ ਸਕਣਗੇ। ਇਸ ਮਿਸ਼ਨ ਨੂੰ ਤੇਜ਼ ਕਰਦੇ ਹੋਏ ਸਰਕਾਰ ਨੇ 24 ਕੇਂਦਰੀ ਮੰਤਰੀਆਂ ਨੂੰ ਇਸ ਸਬੰਧੀ ਜ਼ਿੰਮੇਵਾਰੀਆਂ ਵੀ ਸੌਂਪੀਆਂ ਹਨ।

ਯੂਕਰੇਨ ਵਿੱਚ ਫਸੇ ਭਾਰਤੀਆਂ ਦੀ ਗਿਣਤੀ ਅਜੇ ਵੀ 17000 ਦੇ ਕਰੀਬ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਇਨ੍ਹਾਂ ਉਡਾਣਾਂ ਰਾਹੀਂ ਘਰ ਲਿਆਂਦਾ ਜਾਵੇਗਾ। ਆਪਰੇਸ਼ਨ ਗੰਗਾ ਤਹਿਤ ਚਾਰ ਕੇਂਦਰੀ ਮੰਤਰੀਆਂ ਨੂੰ ਯੂਕਰੇਨ ਨਾਲ ਲੱਗਦੇ ਗੁਆਂਢੀ ਮੁਲਕਾਂ ਵਿੱਚ ਭੇਜਿਆ ਗਿਆ ਹੈ, ਜਿੱਥੋਂ ਭਾਰਤੀ ਨਾਗਰਿਕਾਂ ਨੂੰ ਘਰ ਲਿਆਂਦਾ ਜਾ ਰਿਹਾ ਹੈ। ਜਯੋਤੀਰਾਦਿੱਤਿਆ ਸਿੰਧੀਆ ਨੂੰ ਹੰਗਰੀ, ਹਰਦੀਪ ਸਿੰਘ ਪੁਰੀ ਨੂੰ ਰੋਮਾਨੀਆ, ਕਿਰਨ ਰਿਜਿਜੂ ਨੂੰ ਸਲੋਵਾਕੀਆ ਅਤੇ ਵੀਕੇ ਸਿੰਘ ਨੂੰ ਪੋਲੈਂਡ ਭੇਜਿਆ ਗਿਆ ਹੈ, ਜਿੱਥੋਂ ਭਾਰਤੀ ਨਾਗਰਿਕ ਹਵਾਈ ਜਹਾਜ਼ ਰਾਹੀਂ ਦੇਸ਼ ਪਰਤ ਰਹੇ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 10 ਮਾਰਚ, 2022 ਤੱਕ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ 80 ਉਡਾਣਾਂ ਤਾਇਨਾਤ ਕੀਤੀਆਂ ਜਾਣਗੀਆਂ। ਇਨ੍ਹਾਂ ‘ਚੋਂ ਕੁਝ ਉਡਾਣਾਂ ਏਅਰ ਇੰਡੀਆ ਦੀਆਂ ਹਨ ਅਤੇ ਕੁਝ ਏਅਰ ਇੰਡੀਆ ਐਕਸਪ੍ਰੈੱਸ, ਇੰਡੀਗੋ, ਸਪਾਈਸ ਜੈੱਟ, ਵਿਸਤਾਰਾ, ਗੋ ਏਅਰ ਅਤੇ ਕੁਝ ਏਅਰ ਫੋਰਸ ਦੇ ਜਹਾਜ਼ ਵੀ ਸ਼ਾਮਲ ਹਨ। 35 ਉਡਾਣਾਂ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਸੰਚਾਲਿਤ ਕੀਤੀਆਂ ਜਾਣੀਆਂ ਹਨ, ਜਦੋਂ ਕਿ 28 ਉਡਾਣਾਂ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੋਂ ਸੰਚਾਲਿਤ ਕੀਤੀਆਂ ਜਾਣਗੀਆਂ, ਜਦੋਂ ਕਿ ਨੌਂ ਉਡਾਣਾਂ ਪੋਲੈਂਡ ਦੇ ਜੇਜੌ ਤੋਂ ਸੰਚਾਲਿਤ ਹੋਣੀਆਂ ਹਨ। ਰੋਮਾਨੀਆ ਦੇ ਸੁਸੀਵਾ ਤੋਂ ਪੰਜ ਉਡਾਣਾਂ ਅਤੇ ਸਲੋਵਾਕੀਆ ਦੇ ਕੋਇਸਿਸ ਤੋਂ ਤਿੰਨ ਉਡਾਣਾਂ ਭਾਰਤੀਆਂ ਨੂੰ ਲਿਆਉਣਗੀਆਂ।

Spread the love