07 ਮਾਰਚ, ਚੰਡੀਗੜ੍ਹ

ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਚੋਣਾਂ ਤੋਂ ਬਾਅਦ ਹੁਣ 5 ਰਾਜ ਸਭਾ ਸੀਟਾਂ ਲਈ ਚੋਣਾਂ ਹੋਣ ਜਾ ਰਹੀਆਂ ਹਨ।ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਦੇਸ਼ ਭਰ ਦੀਆਂ ਕੁੱਲ 13 ਰਾਜ ਸਭਾ ਸੀਟਾਂ ਲਈ ਨੋਟੀਫਿਕੇਸ਼ਨ ਹੋ ਚੁੱਕਾ ਹੈ। ਇਨ੍ਹਾਂ ਵਿੱਚ ਪੰਜਾਬ ਦੀਆਂ 5, ਕੇਰਲ ਦੀਆਂ 3, ਅਸਾਮ ਦੀਆਂ 2 ਅਤੇ ਹਿਮਾਚਲ ਪ੍ਰਦੇਸ਼ ਅਤੇ ਨਾਗਾਲੈਂਡ ਦੀਆਂ 1-1 ਸੀਟਾਂ ਸ਼ਾਮਲ ਹਨ।

ਤੁਹਾਨੂੰ ਦੱਸ ਦੇਈਏ ਕਿ 9 ਅਪ੍ਰੈਲ ਨੂੰ ਪੰਜਾਬ ਦੇ ਸਾਰੇ 5 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਮਾਰਚ 2016 ਵਿੱਚ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਸ਼ਵੇਤ ਮਲਿਕ, ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। ਪੰਜਾਬ ਵਿੱਚ ਰਾਜ ਸਭਾ ਦੀਆਂ ਕੁੱਲ 7 ਸੀਟਾਂ ਹਨ।

ਪੰਜਾਬ ਦੀ 2017 ਵਿਧਾਨ ਸਭਾ ਨੂੰ ਰਾਜ ਸਭਾ ਦਾ ਕੋਈ ਮੈਂਬਰ ਚੁਣਨ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਰਾਜ ਸਭਾ ਦੀਆਂ ਚੋਣਾਂ 2016 ਵਿੱਚ ਹੋਈਆਂ ਸਨ। ਇਹ ਪਹਿਲੀ ਵਾਰ ਹੋਵੇਗਾ ਜਦੋਂ ਪੰਜਾਬ ਵਿੱਚ ‘ਆਪ’ ਨੂੰ ਰਾਜ ਸਭਾ ਵਿੱਚ ਵੋਟ ਪਾਉਣ ਦਾ ਮੌਕਾ ਮਿਲੇਗਾ।

Spread the love