ਸੰਗਰੂਰ/ਚੰਡੀਗੜ, 7 ਮਾਰਚ 2022

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਵਿਧਾਨ ਸਭਾ ਹਲਕਾ ਧੂਰੀ ਦੇ ਸੰਗਰੂਰ ਸਥਿਤ ‘ਸਟ੍ਰਾਂਗ ਰੂਮ’ (ਵੋਟਿੰਗ ਮਸ਼ੀਨਾਂ ਵਾਲੀ ਥਾਂ) ਦਾ ਦੌਰਾ ਕੀਤਾ ਅਤੇ ਮਸ਼ੀਨਾਂ ਦੀ ਸੁਰੱਖਿਆ ਅਤੇ ਵੋਟਾਂ ਦੀ ਗਿਣਤੀ ਲਈ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਜਾਣਕਾਰੀ ਹਾਸਲ ਕੀਤੀ। ਇਸ ਸਮੇਂ ਮਾਨ ਨੇ ‘ਆਪ’ ਵਰਕਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ 10 ਮਾਰਚ ਨੂੰ ਵਰਕਰਾਂ ਦੀ ਮਿਹਨਤ ਦਾ ਨਤੀਜਾ ਆਵੇਗਾ ਅਤੇ ਪੰਜਾਬ ‘ਚ ਆਮ ਆਦਮੀ ਦੀ ਸਰਕਾਰ ਬਣੇਗੀ।

ਭਗਵੰਤ ਮਾਨ ਅੱਜ ਵਿਸ਼ੇਸ਼ ਤੌਰ ‘ਤੇ ਸੰਗਰੂਰ ਸਥਿਤ ਸਟ੍ਰਾਂਗ ਰੂਮ ਪਹੁੰਚੇ , ਜਿਥੇ ਇੱਥੇ ਧੂਰੀ, ਮਲੇਰਕੋਟਲਾ, ਸੁਨਾਮ, ਦਿੜਬਾ, ਸੰਗਰੂਰ, ਅਮਰਗੜ ਅਤੇ ਲਹਿਰਾਗਾਗਾ ਵਿਧਾਨ ਸਭਾ ਹਲਕਿਆਂ ਦੀਆਂ ਵੋਟਿੰਗ ਮਸ਼ੀਨਾਂ ਰੱਖੀਆਂ ਹੋਈਆਂ ਹਨ। ਸਟ੍ਰਾਂਗ ਰੂਮ ਦੀ ਸੁਰੱਖਿਆ ‘ਚ ਆਈ.ਟੀ.ਬੀ.ਪੀ ਅਤੇ ਬੀ.ਐਸ.ਐਫ ਤਾਇਨਾਤ ਹਨ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਵੋਟਾਂ ਦੀ ਗਿਣਤੀ ਲਈ ਕਾਊਂਟਿੰਗ ਡੈਸਕ ਬਣਾਏ ਜਾ ਰਹੇ ਹਨ। ਸਟ੍ਰਾਂਗ ਰੂਮ ਦੀ ਨਿਗਰਾਨੀ ਲਈ ਬੈਠੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਭਗਵੰਤ ਮਾਨ ਨੇ ਵਿਚਾਰ ਚਰਚਾ ਕੀਤੀ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਮਾਨ ਨੇ ਕਿਹਾ ਕਿ 10 ਮਾਰਚ ਨੂੰ ਵੋਟਾਂ ਦੀ ਗਿਣਤੀ ਦੇ ਨਾਲ ਹੀ ਲੋਕਾਂ ਵੱਲੋਂ ਦਿੱਤਾ ਫ਼ਤਵਾ ਮਸ਼ੀਨਾਂ ਤੋਂ ਬਾਹਰ ਆ ਜਾਵੇਗਾ ਅਤੇ ਸੂਬੇ ‘ਚ ਆਮ ਲੋਕਾਂ ਦੀ ਸਰਕਾਰ ਬਣੇਗੀ।

Spread the love