07 ਮਾਰਚ

ਰੂਸ-ਯੂਕਰੇਨ ਜੰਗ ‘ਚ ਲਗਾਤਾਰ ਵੱਡੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਇਸ ਵਿਚਾਲੇ ਸੂਤਰਾਂ ਮੁਤਾਬਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਦੇਰ ‘ਚ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਗੱਲ ਕਰਨਗੇ।

ਮਿਲੀ ਜਾਣਕਾਰੀ ਮੁਤਾਬਿਕ ਗੱਲਬਾਤ ਦੌਰਾਨ ਪੀਐਮ ਮੋਦੀ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਜ਼ੇਲੇਂਸਕੀ ਅਤੇ ਪੁਤਿਨ ਨਾਲ ਜੰਗ ਨੂੰ ਟਾਲਣ ਵਰਗੇ ਮੁੱਦਿਆਂ ਨੂੰ ਅੱਗੇ ਰੱਖਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 26 ਫਰਵਰੀ ਨੂੰ ਵੀ ਜੰਗ ਸੰਕਟ ਨੂੰ ਲੈ ਕੇ ਜ਼ੇਲੇਂਸਕੀ ਅਤੇ ਪੀਐਮ ਮੋਦੀ ਵਿਚਾਲੇ ਗੱਲਬਾਤ ਹੋਈ ਸੀ।

ਜ਼ੇਲੇਂਸਕੀ ਨੇ ਇਸ ਦੌਰਾਨ ਭਾਰਤ ਦੇ ਸਿਆਸੀ ਸਮਰਥਨ ਦੀ ਮੰਗ ਕੀਤੀ ਸੀ। ਉਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਯੂਕਰੇਨ ਵਿੱਚ ਚੱਲ ਰਹੇ ਸੰਘਰਸ਼ ਦੀ ਸਥਿਤੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਜਾਰੀ ਸੰਘਰਸ਼ ਕਾਰਨ ਜਾਨ-ਮਾਲ ਦੇ ਨੁਕਸਾਨ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਗੱਲਬਾਤ ਅਤੇ ਹਿੰਸਾ ਨੂੰ ਤੁਰੰਤ ਖਤਮ ਕਰਨ ਦੇ ਆਪਣੇ ਸੱਦੇ ਨੂੰ ਦੁਹਰਾਇਆ ਅਤੇ ਸ਼ਾਂਤੀ ਯਤਨਾਂ ਲਈ ਹਰ ਸੰਭਵ ਤਰੀਕੇ ਨਾਲ ਯੋਗਦਾਨ ਪਾਉਣ ਲਈ ਭਾਰਤ ਦੀ ਇੱਛਾ ਜ਼ਾਹਰ ਕੀਤੀ।

ਪ੍ਰਧਾਨ ਮੰਤਰੀ ਨੇ ਉਨ੍ਹਾਂ (ਯੂਕਰੇਨ ਦੇ ਰਾਸ਼ਟਰਪਤੀ) ਨੂੰ ਯੂਕਰੇਨ ਵਿੱਚ ਮੌਜੂਦ ਵਿਦਿਆਰਥੀਆਂ ਸਮੇਤ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਲਈ ਭਾਰਤ ਦੀ ਡੂੰਘੀ ਚਿੰਤਾ ਜਤਾਈ। ਉਨ੍ਹਾਂ ਨੇ ਭਾਰਤੀ ਨਾਗਰਿਕਾਂ ਨੂੰ ਤੇਜ਼ੀ ਨਾਲ ਕੱਢਣ ਲਈ ਯੂਕਰੇਨ ਦੇ ਅਧਿਕਾਰੀਆਂ ਤੋਂ ਸਹੂਲਤ ਦੀ ਵੀ ਮੰਗ ਕੀਤੀ।

Spread the love