ਰੂਸ ਤੇ ਯੂਕਰੇਨ ਦੇ ਵਫ਼ਦਾਂ ਦਰਮਿਆਨ ਇੱਕ ਹੋਰ ਮੀਟਿੰਗ ਹੋਈ।

ਇਸ ਮੀਟਿੰਗ ਵਿੱਚ ਕੋਈ ਨਤੀਜਾ ਭਾਵੇਂ ਨਿਕਲ ਕੇ ਸਾਹਮਣੇ ਨਹੀਂ ਆ ਸਕਿਆ।

ਬੇਲਾਰੂਸ ਤੇ ਪੋਲੈਂਡ ਦੀ ਸਰਹੱਦ ਉਤੇ ਗੱਲਬਾਤ ਕਰੀਬ ਤਿੰਨ ਘੰਟੇ ਚੱਲੀ।

ਰੂਸ ਦੇ ਵਫ਼ਦ ਮੁਤਾਬਕ ਭਾਵੇਂ ਗੱਲਬਾਤ ਸਿਆਸੀ ਤੇ ਫ਼ੌਜੀ ਪੱਖਾਂ ਉਤੇ ਹੋਈ, ਪਰ ਇਹ ਕਾਫ਼ੀ ਔਖੀ ਰਹੀ ਤੇ ਹਾਲੇ ਕਿਸੇ ਸਕਾਰਾਤਮਕ ਸਿੱਟੇ ਦੀ ਉਮੀਦ ਕਰਨੀ ਜਲਦਬਾਜ਼ੀ ਹੋਵੇਗੀ।

ਰੂਸੀ ਵਫ਼ਦ ਵੱਡੀ ਗਿਣਤੀ ਵਿਚ ਦਸਤਾਵੇਜ਼ ਲੈ ਕੇ ਪੁੱਜਾ ਜਿਨ੍ਹਾਂ ਵਿਚੋ ਕੁਝ ਪਹਿਲਾਂ ਹੋਏ ਸਮਝੌਤਿਆਂ ਬਾਰੇ ਵੀ ਸਨ।

ਪਰ ਯੂਕਰੇਨੀ ਧਿਰ ਨੇ ਮੌਕੇ ਉਤੇ ਦਸਤਾਵੇਜ਼ਾਂ ’ਤੇ ਵਿਚਾਰ ਨਹੀਂ ਕੀਤਾ ਤੇ ਉਹ ਇਨ੍ਹਾਂ ਨੂੰ ਸਮੀਖ਼ਿਆ ਲਈ ਲੈ ਗਏ।

ਹਾਲਾਂਕਿ ਦੋਵਾਂ ਮੁਲਕਾਂ ਨੇ ਨਾਗਰਿਕਾਂ ਨੂੰ ਸੁਰੱਖਿਅਤ ਲਾਂਘਾ ਦੇਣ ਉਤੇ ਵਿਚਾਰ-ਚਰਚਾ ਜ਼ਰੂਰ ਕੀਤੀ।ਉਧਰ ਸੂਮੀ ਨੂੰ ‘ਗ੍ਰੀਨ ਕੌਰੀਡੋਰ’ ਦਿੱਤਾ ਗਿਆ ਹੈ।

ਯੂਕਰੇਨ ਵਿਚ ਕੁਝ ਲੋਕ ਦੂਜੇ ਸ਼ਹਿਰਾਂ ਵੱਲ ਚਲੇ ਗਏ ਹਨ ਜਦਕਿ ਕੁਝ ਨੇ ਮੁਲਕ ਛੱਡਣ ਨੂੰ ਤਰਜੀਹ ਦਿੱਤੀ ਹੈ।

ਯੂਕਰੇਨ ਉਤੇ ਰੂਸ ਦਾ ਹਮਲਾ ਦੂਜੇ ਹਫ਼ਤੇ ਵਿਚ ਹੈ ਤੇ ਰੂਸੀ ਫ਼ੌਜਾਂ ਦੱਖਣੀ ਯੂਕਰੇਨ ਵੱਲ ਅੱਗੇ ਵਧੀਆਂ ਹਨ। ਪਰ ਕੁਝ ਖੇਤਰਾਂ ਵਿਚ ਰੋਕੀਆਂ ਵੀ ਗਈਆਂ ਹਨ।

Spread the love