09 ਮਾਰਚ

ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਲਈ ਜਾਣ ਵਾਲੇ ਸ਼ਰਧਾਲੂ ਹੈਲੀਕਾਪਟਰ ਸੇਵਾ ਦੀ ਆਨਲਾਈਨ ਟਿਕਟ ਬੂਕਿੰਗ ਦੇ ਨਾਂ ‘ਤੇ ਅਕਸਰ ਫ਼ਰਜ਼ੀ ਵੈਬਸਾਈਟਾਂ ਦੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਹਰ ਮਹੀਨੇ ਵਿੱਚ ਧੋਖਾਧੜੀ ਦੇ ਕਰੀਬ 10 ਮਾਮਲੇ ਸਾਹਮਣੇ ਆਉਂਦੇ ਹਨ।

ਮੌਜੂਦਾ ਸਾਲ ਦੇ ਜਨਵਰੀ ਤੇ ਫਰਵਰੀ ਮਹੀਨੇ ਵਿੱਚ ਵੀ 8 ਤੋਂ 10 ਠੱਗੀ ਦੇ ਮਾਮਲੇ ਸਾਹਮਣੇ ਆਏ ਹਨ। ਮਾਰਚ ਮਹੀਨੇ ਵਿੱਚ ਹੁਣ ਤੱਕ 4 ਤੋਂ 5 ਮਾਮਲੇ ਸਾਹਮਣੇ ਆ ਚੁੱਕੇ ਹਨ। ਬੋਰਡ ਨੇ ਗੂਗਲ ਨੂੰ ਚਿੱਠੀ ਲਿਖ ਕੇ ਮਾਤਾ ਵੈਸ਼ਨੋ ਦੇਵੀ ਨਾਲ ਸੰਬੰਧਿਤ ਫ਼ਰਜ਼ੀ ਵੈਬਸਾਈਟਾਂ ਨੂੰ ਬਲਾਕ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਰਧਾਲੂਆਂ ਨੂੰ ਆਨਲਾਈਨ ਟਿਕਟ ਬੂਕਿੰਗ ਲਈ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ ਜਾਂ ਐਪ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ ਹੈ।

ਸ਼ਰਾਈਨ ਬੋਰਡ ਦੇ ਸੀਈਓ ਰਮੇਸ਼ ਕੁਮਾਰ ਨੇ ਦੱਸਿਆ ਕਿ ਬੋਰਡ ਨੂੰ ਸ਼ਰਧਾਲੂਆਂ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ ਕਿ ਉਨ੍ਹਾਂ ਨੂੰ ਜਾਅਲੀ ਵੈੱਬਸਾਈਟਾਂ ਰਾਹੀਂ ਹੈਲੀਕਾਪਟਰ ਦੀਆਂ ਜਾਅਲੀ ਟਿਕਟਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ 31 ਦਸੰਬਰ 2021 ਨੂੰ ਮਾਤਾ ਵੈਸ਼ਨੋ ਦੇਵੀ ਭਵਨ ਵਿੱਚ ਭਗਦੜ ਕਾਰਨ 12 ਲੋਕਾਂ ਦੀ ਮੌਤ ਹੋ ਗਈ ਸੀ।

ਇਸ ਤੋਂ ਬਾਅਦ ਮੰਦਰ ‘ਚ ਪ੍ਰਵੇਸ਼ ਲਈ ਚੱਲ ਰਹੀ ਪਰਚੀ ਪ੍ਰਣਾਲੀ ਨੂੰ ਬੰਦ ਕਰਕੇ ਆਨਲਾਈਨ ਬੁਕਿੰਗ ਦੀ ਪ੍ਰਣਾਲੀ ਲਾਗੂ ਕੀਤੀ ਗਈ। ਇਸ ਦਾ ਫਾਇਦਾ ਉਠਾਉਂਦੇ ਹੋਏ ਕੁਝ ਫਰਜ਼ੀ ਵੈੱਬਸਾਈਟਾਂ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਹੀਆਂ ਹਨ। ਉਨ੍ਹਾਂ ਨੇ ਅਪੀਲ ਕੀਤੀ ਕਿ ਸ਼ਰਧਾਲੂ ਸਿਰਫ਼ ਸ਼ਰਾਈਨ ਬੋਰਡ ਦੀ ਅਧਿਕਾਰਤ ਵੈੱਬਸਾਈਟ http:// www.maavaishnodevi.org ਜਾਂ vaishnodevi app ਦੀ ਹੀ ਵਰਤੋਂ ਕਰਨ।

Spread the love