9 ਮਾਰਚ, ਸ੍ਰੀ ਮੁਕਤਸਰ ਸਾਹਿਬ

ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਨੇ ਅੱਜ ਪ੍ਰੈਸ ਦੇ ਨੁਮਾਇੰਦਿਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਚੋਣਾ ਦੇ ਨਤੀਜਿਆਂ ਸਬੰਧੀ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਇਸ ਦੌਰਾਨ ਬੋਲਦਿਆਂ ਉਨਾਂ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਇਲੈਕਟੋ੍ਰਨਿਕ ਵੋਟਿੰਗ ਮਸ਼ੀਨਾਂ ਰਾਹੀਂ ਵੋਟਾਂ ਦੀ ਗਿਣਤੀ ਦੀ ਪ੍ਰਕ੍ਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਤਿਆਰੀ ਮੁਕੰਮਲ ਕਰ ਲਈ ਗਈ ਹੈ।

ਉਨਾਂ ਦੱਸਿਆ ਕਿ ਹਰ ਹਲਕੇ ਦੇ ਕਾਉਂਟਿੰਗ ਸੈਂਟਰ ਦੇ ਆਸ ਪਾਸ ਧਾਰਾ 144 ਲਗਾਉਣ ਤੋਂ ਇਲਾਵਾ ਮਿਤੀ 10 ਮਾਰਚ 2022 ਨੂੰ ਸਮੁੱਚੇ ਜ਼ਿਲੇ ਵਿਚ ਸ਼ਰਾਬ ਦੀ ਵਿਕਰੀ ਤੇ ਪੂਰਣ ਤੌਰ ਤੇ ਪਾਬੰਦੀ ਹੋਵੇਗੀ। ਜੇਕਰ ਕੋਈ ਵੀ ਸ਼ਰਾਬ ਵਿਕਰੇਤਾ ਇਨਾ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਠੇਕਾ ਸੀਲ ਕਰ ਦਿੱਤਾ ਜਾਵੇਗਾ।

ਉਨਾਂ ਦੱਸਿਆ ਕਿ 100 ਮੀਟਰ ਦੇ ਦਾਇਰੇ ਅੰਦਰ ਕਿਸੇ ਵੀ ਵਾਹਣ ਦੇ ਜਾਣ ਤੇ ਮਨਾਹੀ ਸਬੰਧੀ ਬੈਨ ਆਰਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਉਮੀਦਵਾਰਾਂ ਜਾਂ ਇਲੈਕਸ਼ਨ/ਕਾਊਂਟਿੰਗ ਏਜੰਟਾਂ ਲਈ ਗੱਡੀ ਤੋਂ ਉਤਰ ਕੇ ਜਾਣ ਲਈ ਪਾਰਕਿੰਗ ਏਰੀਆ ਵਿਚ ਹੀ ਥਾਂ ਨਿਰਧਾਰਤ ਕੀਤੀ ਗਈ ਹੈ। ਇਸ ਦੇ ਨਾਲ ਹੀ ਜੇਤੂ ਉਮੀਦਵਾਰ ਸਰਟੀਫਿਕੇਟ ਪ੍ਰਾਪਤ ਕਰਨ ਸਮੇਂ ਆਪਣੇ ਨਾਲ ਕੇਵਲ 2 ਵਿਅਕਤੀ ਲਿਜਾ ਸਕਦਾ ਹੈ। ਇਸ ਤੋਂ ਇਲਾਵਾ ਜੇਤੂ ਉਮੀਦਵਾਰਾਂ ਵਲੋਂ ਇਲਾਕੇ ਵਿਚ ਕਿਸੇ ਵੀ ਪ੍ਰਕਾਰ ਦੇ ਜੇਤੂ ਜਲੂਸ ਕੱਢਣ, ਇਕੱਠ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਕਾਊਂਟਿੰਗ ਸੈਂਟਰਾਂ ਦੇ ਵੇਰਵੇ ਸਬੰਧੀ ਉਨਾਂ ਦੱਸਿਆ ਕਿ ਮੁਕਤਸਰ ਹਲਕੇ ਦੀ ਗਿਣਤੀ ਗੁਰੂ ਨਾਨਕ ਕਾਲਜ ਵਿਖੇ ਹੋਵੇਗੀ ਅਤੇ ਇਸੇ ਤਰਾਂ ਗਿੱਦੜਬਾਹਾ ਦੀ ਗਿਣਤੀ ਸਰਕਾਰੀ ਕੰਨਿਆ ਸਕੂਲ ਗਿੱਦੜਬਾਹਾ, ਲੰਬੀ ਦੀ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇੰਫਰਮੇਸ਼ਨ ਟੈਕਨੋਲਜੀ (ਮੀਮੀਟ) ਅਤੇ ਮਲੋਟ ਹਲਕੇ ਦੀ ਗਿਣਤੀ ਚੈਰੀ ਰੋਜ ਕਲੱਬ (ਸੀਆਰਸੀ) ਵਿਖੇ ਹੋਵੇਗੀ।

ਉਨਾਂ ਦੱਸਿਆ ਕਿ ਹਰ ਕਾਉਂਟਿੰਗ ਸੈਂਟਰ ਵਿਚ 2 ਵੱਖਰੇ ਕਾਉਂਟਿੰਗ ਹਾਲ ਬਣਾਏ ਗਏ ਹਨ। ਬੈਲਟ ਪੇਪਰਾਂ ਦੀ ਗਿਣਤੀ ਸਬੰਧੀ ਉਨਾਂ ਦੱਸਿਆ ਕਿ ਇਹਨਾ ਪੇਪਰਾਂ ਦੀ ਗਿਣਤੀ ਲਈ ਇਸ ਵਾਰ ਬਹੁਤ ਹੀ ਖਾਸ ਤਵਜੋ ਦਿੰਦਿਆਂ ਇਸ ਗੱਲ ਨੂੰ ਸੁਨਿਸ਼ਚਿੱਤ ਕੀਤਾ ਗਿਆ ਹੈ ਕਿ ਇਹ ਕੜੀ ਨਿਗਰਾਨੀ ਹੇਠ ਸਮੇਂ ਸਿਰ ਕਾਉਂਟਿੰਗ ਸੈਂਟਰਾਂ ਵਿਚ ਪਹੁੰਚ ਜਾਣ।

ਗਿਣਤੀ ਪ੍ਰਕਿ੍ਰਆ ਨੂੰ ਨੇਪਰੇ ਚੜਾਉਣ ਲਈ ਤਕਰੀਬਨ 700 ਦੇ ਕਰੀਬ ਸਿਵਿਲ ਪ੍ਰਸਾਸ਼ਨ ਦੇ ਨੁਮਾਇੰਦੇ ਅਤੇ 1500 ਦੇ ਕਰੀਬ ਪੁਲਿਸ ਅਤੇ ਪੈਰਾਮੀਲਟਰੀ ਫੋਰਸ ਲਗਾਈ ਗਈ, ਜਿਨਾ ਦੇ ਚਾਹ ਪਾਣੀ ਤੋਂ ਇਲਾਵਾ ਖਾਣੇ ਦਾ ਵੀ ਵੱਖੋ ਵੱਖ ਪ੍ਰਬੰਧ ਕੀਤਾ ਗਿਆ ਹੈ। ਪੱਤਰਕਾਰਾਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਦੱਸਿਆ ਕਿ ਪ੍ਰੈਸ ਨੂੰ ਗਿਣਤੀ ਸਬੰਧੀ ਮੁਕੰਮਲ ਜਾਣਕਾਰੀ ਮੁਹਇਆ ਕਰਵਾਉਣ ਦੇ ਮੰਤਵ ਨਾਲ ਹਰ ਕਾਉਂਟਿੰਗ ਸੈਂਟਰ ਵਿਚ ਇੱਕ ਪ੍ਰੈਸ ਰੂਮ ਸਥਾਪਿਤ ਕੀਤਾ ਗਿਆ ਹੈ, ਜਿਥੇ ਸੂਚਨਾ ਤੋਂ ਇਲਾਵਾ ਉਨਾਂ ਦੇ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਉਨਾਂ ਦੱਸਿਆ ਕਿ ਜਿਨਾਂ ਵਿਦਿਅਕ ਅਦਾਰਿਆਂ ਵਿਚ ਕਾਉਂਟਿੰਗ ਸੈਂਟਰ ਬਣਾਏ ਗਏ ਹਨ, ਉਨਾਂ ਅਦਾਰਿਆਂ ਵਿਚ ਮਿਤੀ 10 ਮਾਰਚ 2022 ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ।

Spread the love