14 ਮਾਰਚ, ਨਵੀਂ ਦਿੱਲੀ

ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਨੇ ਸੰਸਦ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਹੈ।

ਅਸਤੀਫ਼ਾ ਦੇਣ ਮਗਰੋਂ ਮਾਨ ਨੇ ਕਿਹਾ ਕਿ ਮੈਂ, ਇਸ ਸਦਨ ਨੂੰ ਹਮੇਸ਼ਾ ਯਾਦ ਕਰਾਂਗਾ। ਪੰਜਾਬ ਦੇ ਲੋਕਾਂ ਨੇ ਮੈਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ, ਪਰ ਮੈਂ ਸੰਗਰੂਰ ਦੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਜਲਦੀ ਹੀ ਇਸ ਸਦਨ ਵਿਚ ਇਕ ਦਲੇਰ ਆਵਾਜ਼ ਗੂੰਜੇਗੀ। ਜ਼ਿਕਰਯੋਗ ਹੈ ਕਿ ਉਹ ਅੱਜ ਆਪਣੇ ਲੋਕ ਸਭਾ ਮੈਂਬਰ ਸੰਗਰੂਰ ਦੇ ਪਦ ਤੋਂ ਅਸਤੀਫ਼ਾ ਦੇਣ ਲਈ ਸੰਸਦ ਭਵਨ ਪਹੁੰਚੇ ਹੋਏ ਹਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਪੁੱਤਰ ‘ਤੇ ਭਰੋਸਾ ਕੀਤਾ ਅਤੇ ਵੱਡੀ ਗਿਣਤੀ ‘ਚ ਵੋਟਾਂ ਪਾਈਆਂ।

ਉਨ੍ਹਾਂ ਕਿਹਾ ਕਿ ਮੈਂ 7 ਸਾਲ ਤੋਂ ਐਮਪੀ ਹਾਂ। ਮੈਨੂੰ ਪ੍ਰਸ਼ਾਸਨ ਨੂੰ ਚਲਾਉਣ ਦਾ ਤਜਰਬਾ ਹੈ। ਦਿੱਲੀ ਵਿੱਚ ਵੀ ਸਾਡੀ ਸਰਕਾਰ ਹੈ। ਇਸ ਲਈ ਸਾਨੂੰ ਸਰਕਾਰ ਚਲਾਉਣ ਦਾ ਤਜਰਬਾ ਹੈ। ਅਸੀ ਕੋਈ ਨਵੇਂ ਨਹੀਂ ਹਾਂ। ਸਰਕਾਰ ਚਲਾਉਣਾ ਜਾਣਦੇ ਹਾਂ।

ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਯੂਥ ਜਿੱਤ ਕੇ ਆਇਆ ਹੈ। ਇਸ ਲਈ ਨਵੇਂ-ਨਵੇਂ ਆਇਡੀਆ ਆਉਣਗੇ। ਚੋਣਾਂ ਵਿੱਚ ਵੱਡੇ-ਵੱਡੇ ਦਿੱਗਜ ਹਾਰੇ ਹਨ ਜਿਸ ਤੋਂ ਤਬਦੀਲੀ ਦਾ ਸੰਕੇਤ ਮਿਲਦਾ ਹੈ। ਹੁਣ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ।

Spread the love