16 ਮਾਰਚ,ਚੰਡੀਗੜ੍ਹ

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਮਾਗਮ ਸਵੇਰ 12.30 ਵਜੇ ਸ਼ੁਰੂ ਹੋਵੇਗਾ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਸਮਾਗਮ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਵੱਡੀਆਂ ਸਿਆਸੀ ਹਸਤੀਆਂ ਮੌਜੂਦ ਰਹਿਣਗੀਆਂ।

ਸਮਾਗਮ ਨੂੰ ਵਿਸ਼ੇਸ਼ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪੰਜਾਬ ਭਰ ਤੋਂ ਦੋ ਲੱਖ ਤੋਂ ਵੱਧ ਲੋਕਾਂ ਦੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਸ਼ਹੀਦੀ ਸਮਾਰਕ ਦੇ ਪਿੱਛੇ ਇੱਕ ਲੱਖ ਲੋਕਾਂ ਦੇ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਹੈ, ਜਦੋਂਕਿ ਯਾਦਗਾਰ ਦੀ ਜ਼ਮੀਨ ’ਤੇ ਸਾਢੇ ਛੇ ਏਕੜ ਰਕਬੇ ਵਿੱਚ ਪੰਡਾਲ ਬਣਾਇਆ ਜਾਵੇਗਾ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਭਗਵੰਤ ਮਾਨ ਨੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਸੱਦਾ ਦਿੱਤਾ ਹੈ।

ਵੀਡੀਓ ਰਾਹੀਂ ਮਾਨ ਨੇ ਕਿਹਾ ਕਿ ਮੈਂ ਹੀ ਨਹੀਂ ਪੰਜਾਬ ਦੇ ਤਿੰਨ ਕਰੋੜ ਲੋਕ ਵੀ ਮੇਰੇ ਨਾਲ ਸਹੁੰ ਚੁੱਕਣਗੇ। ਅਸੀਂ ਰਲ ਕੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ ਅਤੇ 16 ਮਾਰਚ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਲਾਗੂ ਕਰਾਂਗੇ। ਮਾਨ ਨੇ ਅੱਗੇ ਕਿਹਾ, ਮੈਂ ਇਕੱਲਾ ਮੁੱਖ ਮੰਤਰੀ ਨਹੀਂ ਬਣਿਆ। ਤੁਸੀਂ ਸਾਰੇ ਮੁੱਖ ਮੰਤਰੀ ਬਣ ਗਏ ਹੋ। ਹੁਣ ਤੁਹਾਡੀ ਆਪਣੀ ਸਰਕਾਰ ਹੋਵੇਗੀ।

Spread the love