ਰੂਸ ਵਲੋਂ ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਹਮਲੇ ਤੇਜ਼ ਕਰ ਦਿੱਤੇ ਗਏ ਹਨ।

ਯੂਕਰੇਨ ਨੇ ਰੂਸੀ ਫ਼ੌਜ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਮਾਰਿਉਪੋਲ ਸ਼ਹਿਰ ਦੇ ਥੀਏਟਰ ਨੂੰ ਤਬਾਹ ਕਰ ਦਿੱਤਾ ਹੈ ਜਿਸ ’ਚ ਸੈਂਕੜੇ ਲੋਕ ਪਨਾਹ ਲੈ ਕੇ ਬੈਠੇ ਹੋਏ ਸਨ।

ਇਸ ਹਮਲੇ ‘ਚ ਕਿੰਨਾ ਨੁਕਸਾਨ ਹੋਇਆ ਇਹ ਅਜੇ ਸਾਹਮਣੇ ਨਹੀਂ ਆਇਆ ਪਰ ਦੱਸਿਆ ਜਾ ਰਿਹਾ ਕਿ ਵੱਡਾ ਨੁਕਸਾਨ ਹੋਇਆ ਹੈ।

ਇਸੇ ਦੌਰਾਨ ਮਾਰੇਫਾ ਦੇ ਇੱਕ ਸਕੂਲ ਉੱਤੇ ਹੋਏ ਹਵਾਈ ਹਮਲੇ ਵਿੱਚ 21 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਰੂਸ ਵੱਲੋਂ ਅੱਜ ਸਵੇਰੇ ਵੀ ਸ਼ਹਿਰ ’ਚ ਹੋਰ ਹਵਾਈ ਹਮਲੇ ਕੀਤੇ ਗਏ।

ਰਾਸ਼ਟਰਪਤੀ ਦਫ਼ਤਰ ਮੁਤਾਬਕ ਰੂਸੀ ਫ਼ੌਜ ਵੱਲੋਂ ਕਲੀਨਿਵਕਾ ਅਤੇ ਬ੍ਰੋਵਰੀ ਸਮੇਤ ਹੋਰ ਇਲਾਕਿਆਂ ’ਚ ਗੋਲਾਬਾਰੀ ਅਤੇ ਹਵਾਈ ਹਮਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਰੂਸੀ ਫ਼ੌਜ ਨੂੰ ਅੱਗੇ ਵਧਣ ’ਚ ਆ ਰਹੀ ਦਿੱਕਤ ਕਰਕੇ ਉਹ ਹੁਣ ਹਵਾਈ ਹਮਲਿਆਂ ਦਾ ਰਾਹ ਅਪਣਾ ਰਹੇ ਹਨ।

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਜਰਮਨੀ ’ਤੇ ਦੋਸ਼ ਲਾਇਆ ਹੈ ਕਿ ਉਹ ਯੂਕਰੇਨ ਦੀ ਸਹਾਇਤਾ ਤੋਂ ਪਹਿਲਾਂ ਆਪਣੇ ਮੁਲਕ ਦੇ ਅਰਥਚਾਰੇ ਦੀ ਪ੍ਰਵਾਹ ਕਰ ਰਿਹਾ ਹੈ।

ਜਰਮਨੀ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਜ਼ੇਲੈਂਸਕੀ ਨੇ ਜਰਮਨ ਸਰਕਾਰ ਵੱਲੋਂ ਨੋਰਡ ਸਟਰੀਮ 2 ਪਾਈਪਲਾਈਨ ਪ੍ਰਾਜੈਕਟ ਨੂੰ ਦਿੱਤੀ ਜਾ ਰਹੀ ਹਮਾਇਤ ਦੀ ਆਲੋਚਨਾ ਕੀਤੀ ਜਿਸ ਰਾਹੀਂ ਰੂਸ ਤੋਂ ਕੁਦਰਤੀ ਗੈਸ ਲਿਆਂਦੀ ਜਾਵੇਗੀ।

ਯੂਕਰੇਨ ਦੇ ਰਾਸ਼ਟਰਪਤੀ ਨੇ ਜਰਮਨੀ ਨੂੰ ਸੱਦਾ ਦਿੱਤਾ ਕਿ ਉਹ ਯੂਰੋਪ ਨੂੰ ਵੰਡਣ ਲਈ ਨਵੀਂ ਦੀਵਾਰ ਨਾ ਬਣਨ ਦੇਣ।

Spread the love