19 ਮਾਰਚ, ਨਵੀਂ ਦਿੱਲੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਕੈਬਨਿਟ ਮੀਟਿੰਗ ਚੰਡੀਗੜ੍ਹ ‘ਚ ਹੋਈ। ਭਗਵੰਤ ਮਾਨ ਦੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਮਾਨ ਸਰਕਾਰ ਨੇ 25 ਹਜ਼ਾਰ ਅਸਾਮੀਆਂ ਦੀ ਤੁਰੰਤ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਦੇ ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇਗਾ। ਮੰਤਰੀ ਮੰਡਲ ਨੇ ਤਿੰਨ ਮਹੀਨਿਆਂ ਦੀ ਵੋਟ ਆਨ ਅਕਾਊਂਟ (ਤਿੰਨ ਮਹੀਨਿਆਂ ਲਈ ਸਰਕਾਰ ਦੇ ਖਰਚੇ ਦਾ ਬਜਟ) ਲੈਣ ਦਾ ਫੈਸਲਾ ਕੀਤਾ ਹੈ। ਬਜਟ ਜੂਨ ਮਹੀਨੇ ਵਿੱਚ ਪੇਸ਼ ਕੀਤਾ ਜਾਵੇਗਾ। ਮੰਤਰੀ ਮੰਡਲ ਨੇ ਪੂਰਕ ਗ੍ਰਾਂਟਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਵਿੱਚ ਇੱਕ ਔਰਤ ਸਮੇਤ ਆਮ ਆਦਮੀ ਪਾਰਟੀ (ਆਪ) ਦੇ 10 ਵਿਧਾਇਕ ਸ਼ਾਮਲ ਕੀਤੇ ਗਏ ਸਨ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਇੱਥੇ ਪੰਜਾਬ ਭਵਨ ਵਿਖੇ ਮੰਤਰੀਆਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਇਨ੍ਹਾਂ 10 ਮੰਤਰੀਆਂ ਵਿੱਚੋਂ ਅੱਠ ਪਹਿਲੀ ਵਾਰ ਵਿਧਾਇਕ ਬਣੇ ਹਨ। ਇਨ੍ਹਾਂ ਸਾਰਿਆਂ ਨੇ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕੀ। ਹਰਪਾਲ ਸਿੰਘ ਚੀਮਾ, ਹਰਭਜਨ ਸਿੰਘ, ਡਾ: ਵਿਜੇ ਸਿੰਗਲਾ, ਲਾਲ ਚੰਦ, ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ ਝਿੰਪਾ, ਹਰਜੋਤ ਸਿੰਘ ਬੈਂਸ ਅਤੇ ਡਾ: ਬਲਜੀਤ ਕੌਰ ਨੂੰ ਸਹੁੰ ਚੁਕਾਈ ਗਈ | ਮੁੱਖ ਮੰਤਰੀ ਸਮੇਤ ਮੰਤਰੀ ਮੰਡਲ ਵਿੱਚ 18 ਅਹੁਦੇ ਹਨ।

Spread the love