21 ਮਾਰਚ, ਚੰਡੀਗੜ੍ਹ

ਪੰਜਾਬ ‘ਚ ਭਗਵੰਤ ਮਾਨ ਦੀ ਕੈਬਨਿਟ ‘ਚ ਵਿਭਾਗਾਂ ਦੀ ਵੰਡ ਹੋ ਗਈ ਹੈ। ਮਾਨ ਦੀ ਕੈਬਨਿਟ ਵਿੱਚ ਇੱਕ ਔਰਤ ਸਮੇਤ ਆਮ ਆਦਮੀ ਪਾਰਟੀ ( ਆਪ ) ਦੇ 10 ਵਿਧਾਇਕ ਸ਼ਾਮਲ ਕੀਤੇ ਗਏ ਹਨ। ਇਸ ਦੌਰਾਨ ਉਨ੍ਹਾਂ ਦੇ ਮੰਤਰਾਲਿਆਂ ਦੀ ਵੰਡ ਕਰ ਦਿੱਤੀ ਹੈ, ਜਿਸ ਵਿੱਚ ਮੁੱਖ ਮੰਤਰੀ ਨੇ ਖੁਦ ਗ੍ਰਹਿ ਮੰਤਰਾਲਾ ਆਪਣੇ ਕੋਲ ਰੱਖਿਆ ਹੈ ਅਤੇ ਹਰਪਾਲ ਚੀਮਾ ਨੂੰ ਸੂਬੇ ਦਾ ਵਿੱਤ ਮੰਤਰਾਲਾ ਸੌਂਪਿਆ ਗਿਆ ਹੈ। ਹੁਣ ਉਹ ਪੰਜਾਬ ਦਾ ਬਜਟ ਪੇਸ਼ ਕਰਨਗੇ। ਇਸ ਤੋਂ ਇਲਾਵਾ ਅਹਿਮ ਸਿੱਖਿਆ ਮੰਤਰਾਲਾ ਮੀਤ ਹੇਅਰ ਕੋਲ ਰਹੇਗਾ ਅਤੇ ਉਹ ਸਿੱਖਿਆ ਮੰਤਰੀ ਬਣ ਜਾਣਗੇ। ਡਾ: ਵਿਜੇ ਸਿੰਗਲਾ ਨੂੰ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਹਰਜੋਤ ਬੈਂਸ ਕਾਨੂੰਨ ਤੇ ਸੈਰ ਸਪਾਟਾ ਮੰਤਰੀ ਹੋਣਗੇ। ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਹਰਭਜਨ ਸਿੰਘ ਨੂੰ ਬਿਜਲੀ ਮੰਤਰੀ ਬਣਾਇਆ ਗਿਆ ਹੈ। ਲਾਲ ਚੰਦ ਨੂੰ ਖੁਰਾਕ ਤੇ ਸਪਲਾਈ ਵਿਭਾਗ ਦਿੱਤਾ ਗਿਆ ਹੈ। ਕੁਲਦੀਪ ਸਿੰਘ ਧਾਲੀਵਾਲ ਕੋਲ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰਾਲਾ ਹੋਵੇਗਾ। ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ। ਬ੍ਰਹਮਾ ਸ਼ੰਕਰ ਕੋਲ ਪਾਣੀ ਦੇ ਨਾਲ ਆਫ਼ਤ ਮੰਤਰਾਲਾ ਹੋਵੇਗਾ।

‘ਆਪ’ ਦੇ ਦੋ ਵਾਰ ਵਿਧਾਇਕ ਰਹੇ ਕੁਲਤਾਰ ਸਿੰਘ ਸੰਧਵਾਂ ਨੂੰ ਸੋਮਵਾਰ ਨੂੰ ਸਰਬਸੰਮਤੀ ਨਾਲ 16ਵੀਂ ਪੰਜਾਬ ਵਿਧਾਨ ਸਭਾ ਦਾ ਸਪੀਕਰ ਚੁਣ ਲਿਆ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸਦਨ ਵਿੱਚ ਸੰਧਵਾਂ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ। ਮਾਨ ਨੇ ਸੰਧਵਾਂ ਨੂੰ ਵਿਧਾਨ ਸਭਾ ਦਾ ਸਪੀਕਰ ਚੁਣੇ ਜਾਣ ‘ਤੇ ਵਧਾਈ ਵੀ ਦਿੱਤੀ। ਉਨ੍ਹਾਂ ਨੇ ਸਪੀਕਰ ਨੂੰ ਸਦਨ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕਰਨ ਦੀ ਆਗਿਆ ਦੇਣ ਦੀ ਵੀ ਅਪੀਲ ਕੀਤੀ।

‘ਆਪ’ ਦੇ 10 ਵਿਧਾਇਕਾਂ ਨੇ ਸ਼ਨੀਵਾਰ ਨੂੰ ਪੰਜਾਬ ਦੇ ਮੰਤਰੀ ਵਜੋਂ ਸਹੁੰ ਚੁੱਕੀ। ਇਨ੍ਹਾਂ ਵਿੱਚ ਹਰਪਾਲ ਸਿੰਘ ਚੀਮਾ, ਹਰਭਜਨ ਸਿੰਘ, ਡਾ: ਵਿਜੇ ਸਿੰਗਲਾ, ਲਾਲ ਚੰਦ, ਗੁਰਮੀਤ ਸਿੰਘ ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਬ੍ਰਹਮ ਸ਼ੰਕਰ, ਹਰਜੋਤ ਸਿੰਘ ਬੈਂਸ ਅਤੇ ਡਾ: ਬਲਜੀਤ ਕੌਰ ਸ਼ਾਮਲ ਹਨ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਇੱਕ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।

Spread the love