21 ਮਾਰਚ, ਚੰਡੀਗੜ੍ਹ

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਇਸ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਦੀ ਚੋਣ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਟਕਪੂਰਾ ਤੋਂ ਦੂਜੀ ਵਾਰ ਵਿਧਾਇਕ ਬਣੇ ਕੁਲਤਾਰ ਸਾਧਵਾਂ ਦਾ ਨਾਂ ਸਪੀਕਰ ਲਈ ਤੈਅ ਕਰ ਲਿਆ ਹੈ। ‘ਆਪ’ ਦੇ ਵਿਧਾਨ ਸਭਾ ‘ਚ 117 ‘ਚੋਂ 92 ਵਿਧਾਇਕ ਹਨ, ਇਸ ਲਈ ਸਾਧਵਾਂ ਨੂੰ ਸਪੀਕਰ ਚੁਣਿਆ ਜਾਣਾ ਤੈਅ ਹੈ। ਇਸ ਤੋਂ ਬਾਅਦ ਰਾਜਪਾਲ ਬੀ.ਐੱਲ. ਪੁਰੋਹਿਤ ਦੁਪਹਿਰ ਕਰੀਬ 2 ਵਜੇ ਵਿਧਾਨ ਸਭਾ ਨੂੰ ਸੰਬੋਧਨ ਕਰਨਗੇ।

ਭਲਕੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਤੀਜਾ ਅਤੇ ਆਖਰੀ ਦਿਨ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਹੋਵੇਗੀ। ਜਿਸ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਹੋਵੇਗੀ। ਇਸ ਤੋਂ ਬਾਅਦ ਧੰਨਵਾਦ ਦਾ ਮਤਾ ਅਤੇ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਹੋਵੇਗੀ। ਇਸ ਤੋਂ ਬਾਅਦ, 2021-22 ਲਈ ਪੂਰਕ ਅਨੁਮਾਨਾਂ ਦੇ ਨਾਲ ਖਾਤੇ ‘ਤੇ ਵੋਟ ਪੇਸ਼ ਕੀਤੀ ਜਾਵੇਗੀ।

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ 17 ਮਾਰਚ ਨੂੰ 117 ਵਿਧਾਇਕਾਂ ਨੂੰ ਸਹੁੰ ਚੁਕਾਈ ਗਈ। ਹਾਲਾਂਕਿ ਭਾਜਪਾ ਦੇ ਅਸ਼ਵਨੀ ਸ਼ਰਮਾ, ਅਕਾਲੀ ਦਲ ਦੀ ਗਨੀਵ ਕੌਰ ਮਜੀਠੀਆ ਸਮੇਤ ਕੁਝ ਵਿਧਾਇਕਾਂ ਨੇ ਸਹੁੰ ਨਹੀਂ ਚੁੱਕੀ। ਉਨ੍ਹਾਂ ਨੂੰ ਵੀ ਅੱਜ ਸਹੁੰ ਚੁਕਾਈ ਜਾਵੇਗੀ। 18 ਤੋਂ 20 ਮਾਰਚ ਤੱਕ ਛੁੱਟੀ ਹੋਣ ਕਾਰਨ 3 ਦਿਨ ਵਿਧਾਨ ਸਭਾ ਦੀ ਕਾਰਵਾਈ ਨਹੀਂ ਹੋਈ।

Spread the love