ਰੂਸ ਵਲੋਂ ਯੂਕਰੇਨ ਦੇ ਕਈ ਸ਼ਹਿਰਾਂ ‘ਚ ਹਮਲਿਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ।

ਉਧਰ ਦੂਸਰੇ ਪਾਸੇ ਰੂਸੀ ਫ਼ੌਜ ਨੇ ਚਰਨੀਹੀਵ ਸ਼ਹਿਰ ਨੂੰ ਜਾਂਦੇ ਪੁਲ ਨੂੰ ਬੰਬਾਂ ਨਾਲ ਉਡਾ ਦਿੱਤਾ ਹੈ।

ਖ਼ਿੱਤੇ ਦੇ ਗਵਰਨਰ ਵਿਆਚੇਸ਼ਲਾਵ ਚਾਓਸ ਨੇ ਕਿਹਾ ਕਿ ਪੁਲ ਰਾਹੀਂ ਆਮ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਕੱਢਿਆ ਜਾ ਰਿਹਾ ਸੀ ਅਤੇ ਉਥੋਂ ਹੀ ਮਾਨਵੀ ਸਹਾਇਤਾ ਪਹੁੰਚਾਈ ਜਾ ਰਹੀ ਸੀ।

ਇਹ ਪੁਲ ਡੈਸਨਾ ਦਰਿਆ ’ਤੇ ਬਣਿਆ ਹੋਇਆ ਸੀ ਜੋ ਯੂਕਰੇਨ ਦੀ ਰਾਜਧਾਨੀ ਕੀਵ ਨੂੰ ਜੋੜਦਾ ਸੀ।

ਚਰਨੀਹੀਵ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ’ਚ ਬਿਜਲੀ ਅਤੇ ਪਾਣੀ ਨਹੀਂ ਹੈ।

ਉਧਰ ਕੀਵ ’ਚ ਅੱਜ ਸਵੇਰੇ ਵੱਡੇ ਧਮਾਕੇ ਸੁਣੇ ਗਏ। ਰੂਸੀ ਫ਼ੌਜ ਨੇ ਚਰਨੋਬਿਲ ਪਰਮਾਣੂ ਪਲਾਂਟ ਦੀ ਲੈਬਾਰਟਰੀ ਨੂੰ ਨਸ਼ਟ ਕਰ ਦਿੱਤਾ ਹੈ ਜੋ ਰੇਡੀਓਐਕਟਿਵ ਰਹਿੰਦ-ਖੂੰਹਦ ਦੇ ਪ੍ਰਬੰਧਨ ’ਚ ਸੁਧਾਰ ਦਾ ਕੰਮ ਕਰਦੀ ਸੀ।

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਮੁਤਾਬਕ ਇਕ ਲੱਖ ਲੋਕ ਮਾਰਿਉਪੋਲ ’ਚ ਅਜੇ ਵੀ ਫਸੇ ਹੋਏ ਹਨ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਾਨਵੀ ਲਾਂਘਾ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਰੂਸੀ ਫ਼ੌਜ ਬੰਬਾਰੀ ਕਰਕੇ ਜਾਂ ਦਹਿਸ਼ਤ ਫੈਲਾ ਕੇ ਅੜਿੱਕੇ ਡਾਹ ਰਹੀ ਹੈ।

Spread the love