ਮਾਨਸਾ, 07 ਅਪ੍ਰੈਲ :- ਅੱਜ ਦਾ ਦਿਨ ਪੂਰੀ ਦੁਨੀਆ ਵਿੱਚ ਵਿਸ਼ਵ ਸਿਹਤ ਦਿਵਸ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ। ਇਸਦੀ ਸੁਰੂਆਤ ਸਾਲ 1950 ਵਿੱਚ ਵਿਸਵ ਸਿਹਤ ਸੰਗਠਨ ਦੁਆਰਾ ਕੀਤੀ ਗਈ ਸੀ। ਵਿਸ਼ਵ ਸਿਹਤ ਦਿਵਸ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਇਹ ਸ਼ਬਦ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਨੇ ਵਿਸ਼ਵ ਸਿਹਤ ਦਿਵਸ ’ਤੇ ਆਯੋਜਿਤ ਬਲਾਕ ਪੱਧਰੀ ਜਾਗਰੂਕਤਾ ਸੈਮੀਨਾਰ ਮੌਕੇ ਕਹੇ।

ਉਨਾਂ ਕਿਹਾ ਕਿ ਹਰ ਸਾਲ ਇਸ ਦਿਨ ਨੂੰ ਮਨਾਉਣ ਦੇ ਨਾਲ-ਨਾਲ ਇਸ ਲਈ ਵਿਸ਼ੇਸ਼ ਥੀਮ ਵੀ ਚੁਣਿਆ ਜਾਂਦਾ ਹੈ, ਇਸ ਸਾਲ ਦੇ ਵਿਸ਼ਵ ਸਿਹਤ ਦਿਵਸ 2022 ਦਾ ਥੀਮ ‘ਸਾਡਾ ਗ੍ਰਹਿ, ਸਾਡੀ ਸਿਹਤ’ ਹੈ। ਅੱਜ ਦੇਸ ਅਤੇ ਦੁਨੀਆਂ ਦੇ ਸਾਰੇ ਲੋਕ ਕਈ ਵੱਡੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ ਹਨ। ਜਿਸ ਵਿੱਚ ਮਲੇਰੀਆ, ਹੈਜਾ, ਤਪਦਿਕ, ਪੋਲੀਓ, ਕੋੜ, ਕੈਂਸਰ ਅਤੇ ਏਡਜ ਵਰਗੀਆਂ ਘਾਤਕ ਬਿਮਾਰੀਆਂ ਸ਼ਾਮਲ ਹਨ। ਧਰਤੀ ’ਤੇ ਆਪਣੇ ਵਾਤਾਵਰਨ ਦਾ ਖਿਆਲ ਰੱਖ ਕੇ ਅਸੀਂ ਸਿਹਤਮੰਦ ਰਹਿ ਸਕਦੇ ਹਾਂ।ਇਸ ਦਿਨ ਦਾ ਮੁੱਖ ਉਦੇਸ ਲੋਕਾਂ ਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ’ਤੇ ਤੰਦਰੁਸਤ ਬਣਾਉਣ ਲਈ ਵਿਸ਼ਵ ਭਰ ਵਿੱਚ ਜਾਗਰੂਕ ਕਰਨਾ ਹੈ, ਤਾਂ ਜੋ ਇਸ ਬਿਮਾਰੀ ਨੂੰ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਬਲਾਕ ਐਜੂਕੇਟਰ ਕੇਵਲ ਸਿੰਘ ਨੇ ਕਿਹਾ ਕਿ ਸਿਹਤ ਬਲਾਕ ਖਿਆਲਾ ਕਲਾਂ ਅਧੀਨ ਤੰਦਰੁਸਤੀ ਸਿਹਤ ਕੇਂਦਰਾਂ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

Spread the love